GidderBaha News : ਗਿੱਦੜਬਾਹਾ 'ਚ ਪੁਲਿਸ ਵੱਲੋਂ ਦੁਕਾਨਦਾਰ ਦੀ ਨਾਜਾਇਜ਼ ਕੁੱਟਮਾਰ ਦਾ ਮਾਮਲਾ ਭਖਿਆ, 40 ਲੋਕਾਂ 'ਤੇ FIR, ਪੁਲਿਸ 'ਤੇ ਲਾਏ ਦੋਸ਼
GidderBaha News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਦਿਵਾਲੀ ਦੀ ਰਾਤ ਪਟਾਕੇ ਚਲਾਉਣ ਦੇ ਮਾਮਲੇ ਨੇ ਵੱਡਾ ਰੂਪ ਧਾਰ ਲਿਆ ਹੈ। ਜਿੱਥੇ ਇੱਕ ਨੌਜਵਾਨ ਦੀ ਕਥਿਤ ਤੌਰ ‘ਤੇ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ, ਉੱਥੇ ਹੁਣ ਉਸੇ ਪੀੜਤ ਸਮੇਤ ਦੋ ਦਰਜਨਾਂ ਲੋਕਾਂ ‘ਤੇ ਕੇਸ ਦਰਜ ਹੋ ਗਿਆ ਹੈ। ਮਾਮਲੇ ਨੇ ਸਿਆਸੀ ਤਾਪਮਾਨ ਵਧਾ ਦਿੱਤਾ ਹੈ, ਕਿਉਂਕਿ ਕਾਂਗਰਸ ਨੇਤਾ ਅਮ੍ਰਿਤਾ ਵਡਿੰਗ ਖੁਦ ਮੌਕੇ ‘ਤੇ ਪਹੁੰਚ ਗਈ ਹਨ ਅਤੇ ਹੁਣ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਇਨਸਾਫ ਕਿਸ ਲਈ ਹੈ ਪੀੜਤ ਲਈ ਜਾਂ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਦਬਾਅ ਬਣਾਉਣ ਲਈ ?
ਦਿਵਾਲੀ ਦੀ ਰਾਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਰਾਜਿੰਦਰ ਉਰਫ਼ ਗਗਨ ਨਾਮਕ ਨੌਜਵਾਨ ਨੋ ਪੁਲਿਸ ਦੀ ਗੱਡੀ ਨਜ਼ਦੀਕ ਪਟਾਕਾ ਚਲਾਉਣ ਦੇ ਕਥਿਤ ਦੋਸ਼ ਹੇਠ ਪੁਲਿਸ ਵੱਲੋਂ ਉਸਦੀ ਕਥਿਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਗਗਨ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਇਸ ਘਟਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੋਦਾ ਪੁਲਿਸ ਚੌਕੀ ਅੱਗੇ ਧਰਨਾ ਲਗਾ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੇ ਭਰੋਸੇ ਪਿੱਛੋਂ ਪੀੜਤਾਂ 'ਤੇ ਹੀ ਕੇਸ ਦਰਜ
ਮੌਕੇ ‘ਤੇ ਕਾਂਗਰਸ ਨੇਤਾ ਅਮ੍ਰਿਤਾ ਵਡਿੰਗ ਵੀ ਪਹੁੰਚੇ ਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਏਐਸਆਈ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ। ਉਸ ਸਮੇਂ ਡੀਐਸਪੀ ਨੇ ਦੋ ਦਿਨਾਂ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਸੀ, ਪਰ ਹੁਣ ਤਸਵੀਰ ਬਿਲਕੁਲ ਉਲਟ ਨਜ਼ਰ ਆ ਰਿਹਾ ਹੈ।
ਪੁਲਿਸ ਨੇ ਏਐਸਆਈ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪੀੜਤ ਰਾਜਿੰਦਰ ਉਰਫ਼ ਗਗਨ ਅਤੇ ਉਸਦੀ ਮਦਦ ਕਰਨ ਵਾਲੇ 26 ਨਾਮਜ਼ਦ ਤੇ 40 ਤੋਂ 50 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਹ ਕੇਸ ਸੜਕ ਬੰਦ ਕਰਨ ਅਤੇ ਬਿਨਾਂ ਇਜਾਜ਼ਤ ਸਪੀਕਰ ਲਗਾ ਕੇ ਪ੍ਰਦਰਸ਼ਨ ਦੇ ਦੋਸ਼ਾਂ ਹੇਠ ਦਰਜ ਕੀਤਾ ਗਿਆ ਹੈ।
ਪੁਲਿਸ ਦੀ ਇਸ ਕਾਰਵਾਈ ਨਾਲ ਕਾਂਗਰਸ ਵਰਕਰਾਂ ਵਿਚ ਗੁੱਸੇ ਦੀ ਲਹਿਰ ਹੈ ਅਤੇ ਹੁਣ ਅਮ੍ਰਿਤਾ ਵਡਿੰਗ ਮੁੜ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਸਾਰੇ ਮਾਮਲੇ ਨੇ ਸਿਆਸੀ ਤੌਰ 'ਤੇ ਵੀ ਚਰਚਾ ਛੇੜ ਦਿੱਤੀ ਹੈ ਕਿ ਜਿੱਥੇ ਪੀੜਤ ਇਨਸਾਫ ਮੰਗ ਰਿਹਾ ਹੈ, ਉਥੇ ਹੀ ਉਸ 'ਤੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼।
- PTC NEWS