ਰਾਜਪਾਲ ਖਡੂਰ ਸਾਹਿਬ ਗੈਰ ਕਾਨੂੰਨੀ ਮਾਇਨਿੰਗ ਕੇਸ ਦੀ CBI ਜਾਂਚ ਦੀ ਸਿਫਾਰਸ਼ ਕਰਨ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ ਦੀ ਸੀ.ਬੀ.ਆਈ ਜਾਂਚ ਦੇ ਹੁਕਮ ਦੇਣ ਖਾਸ ਤੌਰ ’ਤੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨਿਸ਼ਾਨ ਸਿੰਘ ਦੀ ਨਜਾਇਜ਼ ਮਾਇਨਿੰਗ ਮਾਮਲੇ ਵਿਚ ਗ੍ਰਿਫਤਾਰੀ ਨੂੰ ਵੇਖਦਿਆਂ ਅਜਿਹਾ ਕਰਨਾ ਲਾਜ਼ਮੀ ਹੋ ਗਿਆ ਹੈ।
ਅਕਾਲੀ ਦਲ ਦੇ ਜਿਹਨਾਂ ਨੇ ਰਾਜਪਾਲ ਨੂੰ ਮਿਲਣ ਅਤੇ ਮੰਗ ਪੱਤਰ ਸੌਂਪਣ ਲਈ ਉਚ ਪੱਧਰੀ ਵਫਦ ਦੀ ਅਗਵਾਈ ਕੀਤੀ, ਨੇ ਰਾਜਪਾਲ ਨੂੰ ਦੱਸਿਆ ਕਿ ਆਪ ਵਿਧਾਇਕ ਸੂਬੇ ਵਿਚ ਵਿਆਪਕ ਪੱਧਰ ’ਤੇ ਗੈਰ ਕਾਨੂੰਨੀ ਮਾਇਨਿੰਗ ਕਰ ਰਹੇ ਹਨ ਅਤੇ ਜਿਥੇ ਵਾਤਾਵਰਣ ਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਥੇ ਹੀ ਆਮ ਆਦਮ ਮੁਸ਼ਕਿਲਾਂ ਵਿਚ ਹੈ। ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਆਪ ਹਾਲਾਤਾਂ ਦਾ ਜਾਇਜ਼ਾ ਲੈਣ।
ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕੇਸ ਦੀ ਗੱਲ ਕਰਦਿਆਂ ਅਕਾਲੀ ਦਲ ਦਲ ਦੇ ਪ੍ਰਧਾਨ ਨੇ ਰਾਜਪਾਲ ਨੂੰ ਦੱਸਿਆ ਕਿ ਵਿਧਾਇਕ ਦਾ ਜੀਜਾ ਨਿਸ਼ਾਨ ਸਿੰਘ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਗੈਰ ਕਾਨੂੰਨੀ ਮਾਇਨਿੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿਚ ਮੁੱਖ ਸਰਗਨਾ ਵਿਧਾਇਕ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਆਪ ਸਰਕਾਰ ਨੇ ਤਰਨਤਾਰਨ ਦੇ ਐੱਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਦੀ ਬਦਲੀ ਕਰ ਦਿੱਤੀ ਤੇ ਪੰਜ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਕਿ ਸੱਚਾਈ ਇਹ ਹੈ ਕਿ ਪੁਲਿਸ ਅਫਸਰ ਇਕ ਬੇਹੱਦ ਇਮਾਨਦਾਰ ਅਫਸਰ ਹੈ ਜਿਸਨੂੰ ਐਨ ਆਈ ਏ ਵੱਲੋਂ ਅਤਿਵਾਦੀ/ਗੈਂਗਸਟਰ ਐਲਾਨੇ ਲਖਬੀਰ ਲੰਡਾ ਤੇ ਹਰਵਿੰਦਰ ਰਿੰਡਾ ਤੋਂ ਖ਼ਤਰਾ ਹੈ।
ਵਫਦ ਜਿਸ ਵਿਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਡਾ. ਸੁਖਵਿੰਦਰ ਕੁਮਾਰ ਤੇ ਅਨਿਲ ਜੋਸ਼ੀ ਵੀ ਸ਼ਾਮਲ ਸਨ, ਨੇ ਰਾਜਪਾਲ ਨੂੰ ਦੱਸਿਆ ਕਿ ਗ੍ਰਿਫਤਾਰੀ ਮਗਰੋਂ ਵਿਧਾਇਕ ਦੇ ਜੀਜੇ ਨੂੰ ਇਕ ਦਿਨ ਲਈ ਵੀ ਜੇਲ੍ਹ ਵਿਚ ਨਹੀਂ ਰੱਖਿਆ ਗਿਆ ਤੇ ਸਗੋਂ ਹਸਪਤਾਲ ਵਿਚ ਵੀ ਵੀ ਆਈ ਪੀ ਸਹੂਲਤ ਦਿੱਤੀ ਜਾ ਰਹੀ ਹੈ। ਵਫਦ ਨੇ ਕਿਹਾ ਕਿ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਲੋਕਾਂ ਨੇ ਖੁਲ੍ਹੇਆਮ ਨਿਸ਼ਾਨ ਸਿੰਘ ਦੀ ਸ਼ਮੂਲੀਅਤ ਬਾਰੇ ਦੱਸਿਆ ਹੈ ਤੇ ਤਸਵੀਰਾਂ ਤੇ ਵੀਡੀਓ ਵੀ ਵਿਖਾਈਆਂ ਹਨ ਕਿ ਕਿਵੇਂ ਉਹ ਨਿਯਮਿਤ ਤੌਰ ’ਤੇ ਮਾਇਨਿੰਗ ਕਰਦਾ ਹੈ।
ਵਫਦ ਨੇ ਨਿਸ਼ਾਨ ਸਿੰਘ ਦੇ ਘਰ ਦੀਆਂ ਤਸਵੀਰਾਂ ਵੀ ਵਿਖਾਈਆਂ ਜਿਥੇ ਜੇਸੀਬੀ ਮਸ਼ੀਨਾਂ ਤੇ ਹੋਰ ਮਾਇਨਿੰਗ ਮਸ਼ੀਨਰੀ ਖੜ੍ਹੀ ਹੈ। ਵਫਦ ਨੇ ਅਪੀਲ ਕੀਤੀ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾਣ ਅਤੇ ਪਿੰਡਾਂ ਵਾਲਿਆਂ ਦੇ ਬਿਆਨ ਵੀ ਲਏ ਜਾਣ ਜੋ ਦੱਸ ਰਹੇ ਹਨ ਕਿ ਵਿਧਾਇਕ ਆਪਣੇ ਪੁਲਿਸ ਐਸਕਾਰਟ ਵਾਹਨ ਤੇ ਸੁਰੱਖਿਆ ਅਮਲੇ ਦੀ ਵਰਤੋਂ ਗੈਰ ਕਾਨੂੰਨੀ ਮਾਇਨਿੰਗ ਵਿਚ ਕਰ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਜਿਥੇ ਸੂਬੇ ਵਿਚ ਗੈਰ ਕਾਨੂੰਨੀ ਮਾਇਨਿੰਗ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ, ਉਥੇ ਹੀ ਦੱਸਿਆ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਗੈਰ ਕਾਨੂੰਨੀ ਮਾਇਨਿੰਗ ਦੇ ਅਸਲ ਸਰਗਨਾ ਹਨ ਅਤੇ ਉਹ ਪੈਸੇ ਇਕੱਠੇ ਕਰ ਕੇ ਹੋਰ ਰਾਜਾਂ ਵਿਚ ਆਪ ਦੇ ਪਸਾਰ ’ਤੇ ਖਰਚ ਰਹੇ ਹਨ।ਉਹਨਾਂ ਕਿਹਾ ਕਿ ਵੱਖ-ਵੱਖ ਇਲਾਕਿਆਂ ਵਿਚ ਇੰਚਾਰਜ ਲਗਾਏ ਹੋਏ ਹਨ ਜਿਵੇਂ ਹਰਜੋਤ ਬੈਂਸ ਰੋਪੜ ਦਾ ਇੰਚਾਰਜ ਹੈ ਅਤੇ ਮਨਜਿੰਦਰ ਸਿੰਘ ਲਾਲਪੁਰਾ ਤਰਨਤਾਰਨ ਦਾ ਇੰਚਾਰਜ ਹੈ।
ਇਹੀ ਕਾਰਨ ਹੈ ਕਿ ਜਦੋਂ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਵਰਗਾ ਇਮਾਨਦਾਰ ਪੁਲਿਸ ਅਫਸਰ ਕਾਨੂੰਨ ਦਾ ਰਾਜ ਲਾਗੂ ਕਰਦਾ ਹੈ ਤੇ ਮਾਫੀਆ ਦੇ ਰਸਤੇ ਵਿਚ ਆਉਂਦਾ ਹੈ ਤਾਂ ਉਸਨੂੰ ਤਬਦੀਲ ਕਰ ਕੇ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ ਕੋਈ ਵੀ ਪੰਜਾਬ ਵਿਚ ਗੈਰ ਕਾਨੂੰਨੀ ਮਾਇਨਿੰਗ ਨਹੀਂ ਰੋਕ ਸਕਦਾ। ਸਰਦਾਰ ਬਾਦਲ ਨੇ ਮੰਗ ਕੀਤੀ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
- PTC NEWS