GST Impact On Stock Market : ਜੀਐਸਟੀ ’ਚ ਰਾਹਤ ਕਾਰਨ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ; ਸੈਂਸੈਕਸ 800 ਅੰਕ ਵਧਿਆ
GST Impact On Stock Market : ਜੀਐਸਟੀ 'ਤੇ ਸਰਕਾਰ ਦੇ ਵੱਡੇ ਫੈਸਲੇ ਦਾ ਸਿੱਧਾ ਅਸਰ ਅੱਜ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਇਸ ਫੈਸਲੇ ਤੋਂ ਬਾਅਦ ਅੱਜ ਪ੍ਰੀ-ਓਪਨਿੰਗ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਵੀਰਵਾਰ ਸਵੇਰੇ, ਬੀਐਸਈ ਸੈਂਸੈਕਸ 888.96 ਅੰਕ ਯਾਨੀ 1.10% ਵਧ ਕੇ 81,456.67 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ, ਐਨਐਸਈ ਨਿਫਟੀ 265.70 ਅੰਕ ਯਾਨੀ 1.08% ਵਧ ਕੇ 24,980.75 'ਤੇ ਕਾਰੋਬਾਰ ਕਰ ਰਿਹਾ ਸੀ।
ਸ਼ੇਅਰ ਬਾਜ਼ਾਰ ’ਚ ਮਜ਼ਬੂਤੀ
ਸਵੇਰ ਦੇ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਵਿੱਚ ਵੀ ਮਜ਼ਬੂਤੀ ਦੇਖੀ ਗਈ। ਸਵੇਰੇ 9:27 ਵਜੇ ਤੱਕ, ਬੀਐਸਈ ਸੈਂਸੈਕਸ 571.57 ਅੰਕ ਯਾਨੀ 0.71% ਵਧ ਕੇ 81,139.28 'ਤੇ ਪਹੁੰਚ ਗਿਆ, ਜਦਕਿ ਐਨਐਸਈ ਨਿਫਟੀ 161.25 ਅੰਕ ਯਾਨੀ 0.65% ਵਧ ਕੇ 24,876.30 'ਤੇ ਕਾਰੋਬਾਰ ਕਰ ਰਿਹਾ ਸੀ। ਜੀਐਸਟੀ ਕੌਂਸਲ ਦੇ ਦਰਾਂ ਵਿੱਚ ਕਟੌਤੀ ਦੇ ਫੈਸਲੇ ਤੋਂ ਬਾਅਦ, ਬਾਜ਼ਾਰ ਵਿੱਚ ਸਕਾਰਾਤਮਕ ਭਾਵਨਾ ਦਿਖਾਈ ਦੇ ਰਹੀ ਹੈ ਅਤੇ ਨਿਵੇਸ਼ਕਾਂ ਦੀ ਖਰੀਦਦਾਰੀ ਵਧੀ ਹੈ।
ਟੈਕਸ ਸਲੈਬਾਂ ਵਿੱਚ ਕਟੌਤੀ ਦੇ ਐਲਾਨ ਦਾ ਅਸਰ
ਜੀਐਸਟੀ ਕੌਂਸਲ ਨੇ ਬੁੱਧਵਾਰ ਨੂੰ ਟੈਕਸ ਢਾਂਚੇ ਨੂੰ ਸਰਲ ਬਣਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਨਵਾਂ ਜੀਐਸਟੀ ਢਾਂਚਾ 22 ਸਤੰਬਰ 2025 ਤੋਂ ਲਾਗੂ ਹੋਵੇਗਾ। ਇਸ ਵਿੱਚ ਸਿਰਫ਼ ਦੋ ਸਲੈਬ ਹੋਣਗੇ, 5%, ਅਤੇ 18%। ਇਸ ਤੋਂ ਇਲਾਵਾ, 40% ਦਾ ਇੱਕ ਵਿਸ਼ੇਸ਼ ਸਲੈਬ ਵੀ ਹੋਵੇਗਾ। ਇਸ ਫੈਸਲੇ ਦਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ ਕਿਉਂਕਿ 396 ਉਤਪਾਦਾਂ 'ਤੇ ਟੈਕਸ ਘਟਾ ਦਿੱਤਾ ਗਿਆ ਹੈ।
ਬਾਜ਼ਾਰ ਕਿਉਂ ਆਈ ਤੇਜ਼ੀ ?
ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਅਰਥਵਿਵਸਥਾ ਨੂੰ ਰਾਹਤ ਪ੍ਰਦਾਨ ਕਰੇਗਾ ਅਤੇ ਖਪਤਕਾਰਾਂ ਦੀਆਂ ਜੇਬਾਂ 'ਤੇ ਬੋਝ ਘਟਾਏਗਾ। ਇਸੇ ਕਰਕੇ ਬਾਜ਼ਾਰ ਨੇ ਇਸਨੂੰ ਇੱਕ ਸਕਾਰਾਤਮਕ ਸੰਕੇਤ ਵਜੋਂ ਲਿਆ। ਖਾਸ ਕਰਕੇ ਅਜਿਹੇ ਸਮੇਂ ਜਦੋਂ ਵਿਸ਼ਵ ਬਾਜ਼ਾਰ ਟਰੰਪ ਦੇ ਟੈਰਿਫ ਵਰਗੇ ਦਬਾਅ ਦਾ ਸਾਹਮਣਾ ਕਰ ਰਹੇ ਹਨ, ਇਹ ਫੈਸਲਾ ਭਾਰਤੀ ਬਾਜ਼ਾਰ ਲਈ ਇੱਕ ਰਣਨੀਤਕ ਬਫਰ ਵਜੋਂ ਕੰਮ ਕਰੇਗਾ।
ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਵੱਡੀ ਰਾਹਤ! ਕੇਂਦਰ ਨੇ GST ਦੀਆਂ 2 ਸਲੈਬਾਂ ਦੀਆਂ ਖ਼ਤਮ, ਹੁਣ ਸਿਰਫ਼ 5 ਤੇ 18 ਫ਼ੀਸਦੀ ਲੱਗੇਗਾ ਟੈਕਸ, ਵੇਖੋ ਕੀ-ਕੀ ਹੋਵੇਗੀ ਸਸਤਾ
- PTC NEWS