America ਤੋਂ ਡਿਪੋਰਟ ਹੋਈ ਹਰਜੀਤ ਕੌਰ ਨੇ ਦੱਸਿਆ ਆਪਣਾ ਦਰਦ; ਕਿਹਾ- ਮੇਰਾ ਪਰਿਵਾਰ US 'ਚ ਤੇ ਮੈਂ ਇੱਥੇ ਇਕੱਲੀ
America Harjit Kaur News : ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ। ਇਸ ਸਾਲ ਫਰਵਰੀ ਵਿੱਚ, ਸੈਂਕੜੇ ਗੈਰ-ਕਾਨੂੰਨੀ ਪੰਜਾਬੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ। ਹੁਣ, ਅਮਰੀਕਾ ਦਾ ਇੱਕ ਹੋਰ ਸ਼ਰਮਨਾਕ ਕੰਮ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜਾਬ ਦੀ ਰਹਿਣ ਵਾਲੀ 73 ਸਾਲਾ ਹਰਜੀਤ ਕੌਰ ਨੂੰ 34 ਸਾਲਾਂ ਬਾਅਦ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਅਤੇ ਜੰਜ਼ੀਰਾਂ ਨਾਲ ਬੰਨ੍ਹ ਕੇ ਭਾਰਤ ਭੇਜ ਦਿੱਤਾ।
ਭਾਰਤੀ ਪ੍ਰਵਾਸੀਆਂ ਦੇ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਸਨੂੰ ਬਹੁਤ ਹੀ ਜ਼ਾਲਮ, ਅਣਮਨੁੱਖੀ ਅਤੇ ਬੇਲੋੜਾ ਕਦਮ ਦੱਸਿਆ ਹੈ। ਇਸ ਦੇ ਵਿਰੋਧ ਵਿੱਚ, ਕੁਝ ਅਮਰੀਕੀ ਨੇਤਾਵਾਂ ਅਤੇ ਸੰਗਠਨਾਂ ਨੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਗੰਭੀਰ ਬੀਮਾਰੀਆਂ ਹੁੰਦੇ ਹੋਏ ਵੀ ਦਵਾਈ ਨਹੀਂ ਦਿੱਤੀ- ਹਰਜੀਤ ਕੌਰ
ਪੰਜਾਬ ’ਚ ਆਪਣੇ ਭਰਾ ਕੋਲ ਪਹੁੰਚੇ ਹਰਜੀਤ ਕੌਰ ਨੇ ਆਪਣੇ ਨਾਲ ਹੋਈ ਤਸ਼ੱਦਦ ਸਬੰਧੀ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੰਭੀਰ ਬੀਮਾਰੀਆਂ ਹੁੰਦੇ ਹੋਏ ਵੀ ਦਵਾਈ ਨਹੀਂ ਦਿੱਤੀ ਗਈ। ਉੱਥੇ ਕੜਾਕੇ ਦੀ ਠੰਢ ਦੇ ਬਾਵਜੂਦ ਸਿਰਫ ਇੱਕ ਚੱਦਰ ਦਿੱਤੀ। ਉਨ੍ਹਾਂ ਨੇ ਸਿਰਫ ਚਿਪਸ ਤੇ ਸੈਂਡਵਿੱਚ ਨਾਲ ਆਪਣਾ ਗੁਜ਼ਾਰਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਹਾਰਡਕੋਰ ਮੁਜ਼ਰਮ ਵਾਂਗ ਸਲੂਕ ਕੀਤਾ ਗਿਆ।
ਕੌਣ ਹੈ ਹਰਜੀਤ ਕੌਰ ?
ਹਰਜੀਤ ਕੌਰ 1992 ਵਿੱਚ ਆਪਣੇ ਦੋ ਪੁੱਤਰਾਂ ਨਾਲ ਇੱਕ ਸਿੰਗਲ ਮਾਂ ਦੇ ਰੂਪ ਵਿੱਚ ਅਮਰੀਕਾ ਆਈ ਸੀ। ਉਹ ਕੈਲੀਫੋਰਨੀਆ ਦੇ ਈਸਟ ਬੇਅ ਏਰੀਆ ਵਿੱਚ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ਵਿੱਚ ਲੰਬੇ ਸਮੇਂ ਤੱਕ ਰਹਿੰਦੀ ਅਤੇ ਕੰਮ ਕਰਦੀ ਰਹੀ। ਉਸਦੀ ਪੋਤੀ, ਸੁਖਦੀਪ ਕੌਰ, ਨੇ ਉਸਨੂੰ ਇੱਕ ਨਿਰਸਵਾਰਥ ਅਤੇ ਮਿਹਨਤੀ ਔਰਤ ਦੱਸਿਆ, ਜੋ ਅਮਰੀਕਾ ਵਿੱਚ ਸਿੱਖ ਭਾਈਚਾਰੇ ਲਈ ਇੱਕ ਮਾਂ ਵਾਂਗ ਸੀ। ਹਰਜੀਤ ਕੌਰ ਨੇ ਕਈ ਵਾਰ ਅਮਰੀਕਾ ਵਿੱਚ ਸ਼ਰਣ ਲਈ ਅਰਜ਼ੀ ਦਿੱਤੀ ਹੈ। 2012 ਤੋਂ, ਹਰਜੀਤ ਕੌਰ ਸ਼ਰਣ ਦਾ ਦਰਜਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ।
ਹਾਲਾਂਕਿ ਉਸਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਉਹ ਹਰ ਛੇ ਮਹੀਨਿਆਂ ਬਾਅਦ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਦਫ਼ਤਰ ਵਿੱਚ ਰਿਪੋਰਟ ਕਰਦੀ ਰਹੀ। ਉਸਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਉਸਦੇ ਯਾਤਰਾ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਤੱਕ ਨਿਗਰਾਨੀ ਹੇਠ ਅਮਰੀਕਾ ਵਿੱਚ ਰਹਿ ਸਕਦੀ ਹੈ। ਹਾਲਾਂਕਿ, ਇੱਕ ਨਿਯਮਤ ਨਿਰੀਖਣ ਦੌਰਾਨ, ਆਈਸੀਈ ਅਧਿਕਾਰੀਆਂ ਨੇ ਅਚਾਨਕ ਉਸਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸਨੂੰ ਬੇਕਰਸਫੀਲਡ ਤੋਂ ਲਾਸ ਏਂਜਲਸ, ਫਿਰ ਜਾਰਜੀਆ ਅਤੇ ਫਿਰ ਦਿੱਲੀ ਭੇਜ ਦਿੱਤਾ।
ਕਾਬਿਲੇਗੌਰ ਹੈ ਕਿ ਹਰਜੀਤ ਕੌਰ ਨੂੰ 8 ਸਤੰਬਰ 2025 ਨੂੰ ਡਿਟੇਨ ਕੀਤਾ ਗਿਆ ਸੀ। ਉਨ੍ਹਾਂ ਨੂੰ ਸੈਨ ਫਰਾਂਸਿਸਕ ’ਚ ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਫੜਿਆ ਸੀ। ਹਿਰਾਸਤ ’ਚ ਲੈ ਕੇ ਬੇਕਰਸਫੀਲਡ ਦੇ ਮੇਸਾ ਫਰਡੇ ਜੇਲ੍ਹ ’ਚ ਭੇਜਿਆ ਸੀ। ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਈਸਟ ਬੇਅ, ਕੈਲੀਫੋਰਨੀਆ ’ਚ ਰਹਿ ਰਹੇ ਸਨ।
- PTC NEWS