24 ਸਾਲ ਪੁਰਾਣੀ ਬੱਸ 'ਤੇ ਢੋਏ ਜਾ ਰਹੇ ਸਨ ਬੱਚੇ, ਹਰਿਆਣਾ 'ਚ ਸਕੂਲ ਬੱਸ ਹਾਦਸੇ 'ਚ ਵੱਡੇ ਖੁਲਾਸੇ
Haryana Bus Incident: ਹਰਿਆਣਾ ਦੇ ਨਾਰਨੌਲ 'ਚ ਸਵੇਰੇ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ਵਿੱਚ ਸਰਕਾਰ ਨੇ ਕਾਰਵਾਈ ਕਰਦੇ ਹੋਏ ਸਕੂਲ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਸਰਕਾਰ ਵੱਲੋਂ ਸਕੂਲ ਦੀ ਮਾਨਤਾ ਰੱਦ ਕਰਨ ਬਾਰੇ ਵੀ ਖ਼ਬਰ ਸਾਹਮਣੇ ਆ ਰਹੀ ਹੈ। ਪਰ ਇਸ ਮਾਮਲੇ 'ਚ ਕੁੱਝ ਹੋਰ ਵੀ ਵੱਡੇ ਖੁਲਾਸੇ ਹੋਏ ਹਨ, ਜੋ ਕਿ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਕੂਲ ਵੈਨ ਨਾਲ ਸਬੰਧਤ ਹੈ।
ਖੁਲਾਸੇ ਤਹਿਤ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਇਹ ਬੱਸ ਸਾਲ 2000 ਮਾਡਲ ਦੀ ਸੀ, ਜੋ ਕਿ 24 ਸਾਲ ਪੁਰਾਣੀ ਸੀ, ਪਰੰਤੂ ਫਿਰ ਵੀ ਬੱਚਿਆਂ ਦੀ ਜ਼ਿੰਦਗੀ ਨਾਲ ਜਾਣ-ਬੁੱਝ ਕੇ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਹ ਵੀ ਪਤਾ ਲੱਗਿਆ ਹੈ ਕਿ ਬੱਸ ਦਾ ਡਰਾਈਵਰ ਵੀ ਹਾਦਸਾ ਵਾਪਰਨ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਸੀ, ਜਿਸ ਕਾਰਨ ਉਹ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ।
ਹਰਿਆਣਾ ਟਰਾਂਸਪੋਰਟ ਵਿਭਾਗ ਦੀ ਜਾਣਕਾਰੀ ਅਨੁਸਾਰ, ਬੱਸ ਦਾ ਰਜਿਸਟ੍ਰੇਸ਼ਨ ਨੰਬਰ HR668374 ਹੈ ਅਤੇ ਇਹ ਜੀ.ਐਲ. ਪਬਲਿਕ ਸਕੂਲ ਦੇ ਪ੍ਰਿੰਸੀਪਲ ਦੇ ਨਾਂ ਉਪਰ ਹੈ। 57 ਸੀਟਾਂ ਵਾਲੀ ਇਸ ਬੱਸ ਦੀ ਮੈਨੂਫੈਕਚਰਿੰਗ ਤਰੀਕ ਦਸੰਬਰ ਮਹੀਨੇ 1999 ਦਰਜ ਹੈ, ਜਦਕਿ ਇਸ ਨੂੰ ਖਰੀਦ ਕਰਨ ਦਾ ਸਮਾਂ 1 ਮਈ 2000 ਦਰਸਾਇਆ ਹੋਇਆ ਹੈ।
ਦੱਸ ਦਈਏ ਕਿ ਅੱਜ ਸਵੇਰੇ ਸਕੂਲ ਬੱਸ ਪਿੰਡ ਉਨਹਾਨੀ ਨੇੜੇ ਉਦੋਂ ਅਚਾਨਕ ਪਲਟ ਗਈ ਜਦੋਂ ਡਰਾਈਵਰ ਓਵਰਟੇਕ ਕਰ ਰਿਹਾ ਸੀ। ਇਸ ਦੌਰਾਨ ਜ਼ਬਰਦਸਤ ਧਮਾਕਾ ਹੋਇਆ ਅਤੇ ਚੀਕ-ਚਿਹਾੜਾ ਪੈ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ। ਹਾਦਸੇ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵੱਧ ਗੰਭੀਰ ਜ਼ਖ਼ਮੀ ਹੋ ਗਏ।
ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਤਾ ਰੱਦ ਕਰਨ ਲਈ ਕਾਰਵਾਈ ਅਰੰਭੀ
ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਮੋਨਿਕਾ ਗੁਪਤਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਅੱਜ ਈਦ ਦੀ ਸਰਕਾਰੀ ਛੁੱਟੀ ਸੀ ਪਰ ਫਿਰ ਵੀ ਪ੍ਰਾਈਵੇਟ ਸਕੂਲ ਚੱਲ ਰਹੇ ਹਨ। ਇਸ ਲਈ ਵੀ ਪ੍ਰਸ਼ਾਸਨ ਨੇ ਇਸ ਦੀ ਮਾਨਤਾ ਰੱਦ ਕਰਨ ਲਈ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਪ੍ਰਸਤਾਵ ਭੇਜ ਦਿੱਤਾ ਹੈ।
- PTC NEWS