YouTuber Jyoti Malhotra : ਯੂਟਿਊਬਰ ਜੋਤੀ ਮਲਹੋਤਰਾ ਦਾ ਕੇਰਲ ਸਰਕਾਰ ਨਾਲ ਕੀ ਸਬੰਧ , ਕਿਉਂ ਬਣਾਈ ਗਈ ਸਰਕਾਰੀ ਮਹਿਮਾਨ ? RTI 'ਚ ਖੁੱਲ੍ਹਿਆ ਭੇਤ
YouTuber Jyoti Malhotra : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਹਰਿਆਣਾ ਦੀ ਟ੍ਰੈਵਲ ਯੂਟਿਊਬਰ ਜੋਤੀ ਮਲਹੋਤਰਾ ਬਾਰੇ ਇੱਕ ਨਵਾਂ ਖੁਲਾਸਾ ਹੋਇਆ ਹੈ। ਕੇਰਲ ਸਰਕਾਰ ਨੇ ਆਪਣੇ ਡਿਜੀਟਲ ਆਊਟਰੀਚ ਮੁਹਿੰਮ ਦੇ ਹਿੱਸੇ ਵਜੋਂ ਜੋਤੀ ਮਲਹੋਤਰਾ ਨੂੰ ਰਾਜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦਿੱਤਾ ਸੀ। ਇਹ ਮੁਹਿੰਮ 2024-25 ਦੇ ਵਿਚਕਾਰ ਚੱਲੀ ਸੀ ਅਤੇ ਇਸ ਵਿੱਚ ਜੋਤੀ ਨੂੰ ਸਰਕਾਰੀ ਮਹਿਮਾਨ ਵਜੋਂ ਰਾਜ ਵਿੱਚ ਘੁੰਮਾਇਆ ਗਿਆ ਸੀ, ਜਿਸਦਾ ਖਰਚਾ ਕੇਰਲ ਸੈਰ-ਸਪਾਟਾ ਵਿਭਾਗ ਨੇ ਚੁੱਕਿਆ ਸੀ। ਇਹ ਗੱਲ ਇੱਕ ਆਰਟੀਆਈ ਵਿੱਚ ਸਾਹਮਣੇ ਆਈ ਹੈ।
ਕੇਰਲ ਸਰਕਾਰ ਚੁੱਕਦੀ ਸੀ ਖਰਚੇ
ਇਸ ਆਰਟੀਆਈ ਦੇ ਜਵਾਬ ਵਿੱਚ ਇਹ ਦੱਸਿਆ ਗਿਆ ਹੈ ਕਿ ਰਾਜ ਸਰਕਾਰ ਨੇ 'ਕੇਰਲ ਨੂੰ ਇੱਕ ਗਲੋਬਲ ਸੈਰ-ਸਪਾਟਾ ਸਥਾਨ ਵਜੋਂ' ਪ੍ਰਚਾਰ ਕਰਨ ਲਈ 41 ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਸੱਦਾ ਦਿੱਤਾ ਸੀ। ਇਨ੍ਹਾਂ ਸਾਰੇ ਪ੍ਰਭਾਵਕਾਂ ਦੇ ਟਰੈਵਲ , ਠਹਿਰਨ ਅਤੇ ਖਾਣੇ ਦਾ ਸਾਰਾ ਖਰਚਾ ਸਰਕਾਰ ਨੇ ਚੁੱਕਿਆ ਸੀ। ਇਨ੍ਹਾਂ ਵਲੌਗਰਾਂ ਵਿੱਚੋਂ ਇੱਕ ਜੋਤੀ ਮਲਹੋਤਰਾ ਸੀ, ਜੋ ਹੁਣ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਜੇਲ੍ਹ ਵਿੱਚ ਹੈ।
ਕੇਰਲ ਵਿੱਚ ਕਿੱਥੇ -ਕਿੱਥੇ ਗਈ ਸੀ ਜਯੋਤੀ ?
ਜੋਤੀ ਮਲਹੋਤਰਾ 2024 ਅਤੇ 2025 ਦੇ ਵਿਚਕਾਰ ਜੋਤੀ ਕੇਰਲ ਦੇ ਵੱਖ-ਵੱਖ ਸਥਾਨਾਂ 'ਤੇ ਗਈ। ਉਸਨੇ ਕੇਰਲ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਜਿਵੇਂ ਕਿ ਕੋਚੀ, ਕੰਨੂਰ, ਕੋਝੀਕੋਡ, ਅਲਾਪੁਝਾ, ਮੁੰਨਾਰ ਅਤੇ ਤਿਰੂਵਨੰਤਪੁਰਮ ਦੀ ਯਾਤਰਾ ਕੀਤੀ। ਉਸਨੇ ਆਪਣੀ ਯਾਤਰਾ ਦੌਰਾਨ ਕਈ ਵੀਡੀਓ ਵੀ ਬਣਾਏ ਸੀ। ਇਹਨਾਂ ਵਾਇਰਲ ਵੀਡੀਓਜ਼ ਵਿੱਚੋਂ ਇੱਕ ਵਿੱਚ ਉਸਨੂੰ ਰਵਾਇਤੀ ਕੇਰਲ ਸਾੜੀ ਵਿੱਚ ਥੇਯਮ ਡਾਂਸ ਕਰਦੇ ਦੇਖਿਆ ਗਿਆ। ਜੋਤੀ ਦੁਆਰਾ ਬਣਾਏ ਗਏ ਕੰਟੈਂਟ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੇਖਿਆ ਪਰ ਪਾਕਿਸਤਾਨ ਤੋਂ ਜਾਸੂਸੀ ਦੇ ਆਰੋਪਾਂ ਨੇ ਜੋਤੀ ਮਲਹੋਤਰਾ ਦੀ ਕੇਰਲ ਯਾਤਰਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਮਾਮਲੇ 'ਤੇ ਕੇਰਲ ਦੇ ਸੈਰ-ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਪੂਰੀ ਪਾਰਦਰਸ਼ਤਾ ਨਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ, 'ਅਸੀਂ ਕਿਸੇ ਵੀ ਤਰ੍ਹਾਂ ਜਾਸੂਸੀ ਨੂੰ ਉਤਸ਼ਾਹਿਤ ਨਹੀਂ ਕੀਤਾ। ਇਹ ਇੱਕ ਪ੍ਰਚਾਰ ਪ੍ਰੋਗਰਾਮ ਸੀ, ਜਿਸ ਵਿੱਚ ਕਿਸੇ ਦਾ ਪਿਛੋਕੜ ਜਾਣਨਾ ਸਾਡੀ ਜ਼ਿੰਮੇਵਾਰੀ ਨਹੀਂ ਸੀ, ਇਸਨੂੰ ਹੁਣ ਰਾਜਨੀਤਿਕ ਪ੍ਰਚਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।'
ਹਾਲਾਂਕਿ, ਵਿਰੋਧੀ ਧਿਰ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, 'ਆਰਟੀਆਈ ਨਾਲ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ ਨੂੰ ਖੱਬੇ ਪੱਖੀ ਸਰਕਾਰ ਨੇ ਕੇਰਲ ਬੁਲਾਇਆ ਸੀ। ਭਾਰਤ ਮਾਤਾ ਨੂੰ ਬਲੌਕ ਅਤੇ ਪਾਕਿਸਤਾਨੀ ਜਾਸੂਸ ਨੂੰ ਰੈਡ ਕਾਰਪੇਟ ? ਸੈਰ-ਸਪਾਟਾ ਮੰਤਰੀ ਮੁਹੰਮਦ ਰਿਆਸ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਜਵਾਈ ਹਨ। ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ।'
ਦੱਸ ਦੇਈਏ ਕਿ ਜੋਤੀ ਨੂੰ ਮਈ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ 'ਸੰਪਰਕ' ਵਿੱਚ ਸੀ ਅਤੇ ਕਈ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਉਸਦਾ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਸੀ, ਜਿਨ੍ਹਾਂ ਵਿੱਚੋਂ ਇੱਕ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ ਸੀ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਭਰ ਵਿੱਚ ਛਾਪੇਮਾਰੀ ਕੀਤੀ ਗਈ ਹੈ। ਇਸ ਵਿੱਚ ਕੁੱਲ 12 ਸ਼ੱਕੀ ਫੜੇ ਗਏ ਹਨ। ਇਹ ਸ਼ੱਕੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ।
- PTC NEWS