Advisory For Eye Flu: ਮੀਂਹ ਦੇ ਮੌਸਮ ’ਚ ਤੇਜ਼ੀ ਨਾਲ ਫੈਲ ਰਿਹਾ ਅੱਖਾਂ ਦਾ ਫਲੂ, ਇਨ੍ਹਾਂ ਗੱਲ੍ਹਾਂ ਦਾ ਰੱਖਣਾ ਹੈ ਖ਼ਾਸ ਧਿਆਨ
ਮੁਨੀਸ਼ ਗਰਗ (ਬਠਿੰਡਾ, 31 ਜੁਲਾਈ) : ਬਰਸਾਤੀ ਮੌਸਮ ਵਿੱਚ ਅੱਖਾਂ ਦਾ ਫਲੂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹੜ੍ਹਾਂ, ਜਲਵਾਯੂ ਤਬਦੀਲੀ ਤੇ ਆਈ ਫਲੂ ਦੇ ਆ ਰਹੇ ਕੇਸਾਂ ਦੇ ਮੱਦੇਨਜ਼ਰ ਅੱਖਾਂ ਦੇ ਫਲੂ (ਕੰਜਕਟੀਵਾਈਟਿਸ) ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅੱਖਾਂ ਦਾ ਫਲੂ ਦੀ ਬਿਮਾਰੀ ਵਾਇਰਸ ਜਾਂ ਬੈਕਟਰੀਆ ਕਾਰਣ ਹੁੰਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
'ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ'
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੇ ਮੈਂਬਰ ਨੂੰ ਅੱਖਾਂ ਵਿੱਚ ਲਾਲੀ ਜਾਂ ਪੀਲਾਪਣ, ਖੁਜ਼ਲੀ, ਅੱਖਾਂ ਵਿੱਚੋਂ ਪਾਣੀ ਆਉਣਾ, ਅੱਖਾਂ ਵਿੱਚ ਗਿੱਡ, ਚਿਪਕੀਆਂ ਅੱਖਾਂ, ਆਈਲਿਡ ਤੇ ਸੋਜ਼ਿਸ਼, ਤੇਜ਼ ਰੋਸ਼ਨੀ ਬਰਦਾਸ਼ਿਤ ਨਾ ਕਰਨਾ ਆਦਿ ਲੱਛਣ ਆਉਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ।
ਸਿਵਲ ਸਰਜਨ ਦੀ ਲੋਕਾਂ ਨੂੰ ਅਪੀਲ
ਇਸ ਸਬੰਧੀ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਡਾਕਟਰੀ ਸਲਾਹ ਦੇ ਨਾਲ- ਨਾਲ ਕੁਝ ਸਾਵਧਾਨੀਆਂ ਜਿਵੇਂ ਕਿ ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਛੂਹੋ, ਵਾਰ-ਵਾਰ ਹੱਥਾਂ ਨੂੰ ਸਾਬਨ ਅਤੇ ਪਾਣੀ ਨਾਲ ਧੋਵੋ ਜਾਂ ਸੈਨੇਟਾਈਜ਼ਰ ਵਰਤੋਂ, ਲਾਗ ਵਾਲੇ ਵਿਅਕਤੀ ਦਾ ਤੋਲੀਆਂ ਰੁਮਾਲ ਜਾਂ ਹੋਰ ਕੱਪੜੇ ਸਾਂਝਾ ਨਾ ਕਰੋ, ਦੂਜਿਆ ਦੇ ਸਿੱਧੇ ਸੰਪਰਕ ਵਿੱਚ ਨਾ ਆਵੋ, ਧੁੱਪ ਜਾਂ ਮਿੱਟੀ ਤੋਂ ਬਚਣ ਲਈ ਚਸ਼ਮੇ ਦੀ ਵਰਤੋਂ, ਅੱਖਾਂ ਨੂੰ ਸਾਫ਼ ਕਰਨ ਲਈ ਉਬਾਲ ਕੇ ਠੰਡੇ ਪਾਣੀ ਦੀ ਵਰਤੋਂ ਕਰੋ, ਆਲੇ ਦੁਆਲੇ ਦੀ ਸਫ਼ਾਈ ਰੱਖੋ, ਭੀੜ ਵਾਲੀਆਂ ਥਾਵਾਂ ਅਤੇ ਸਵਿੰਮਿੰਗ ਪੂਲ ਤੇ ਜਾਣ ਤੋਂ ਪਰਹੇਜ਼ ਕਰੋ।
ਇਨ੍ਹਾਂ ਗੱਲ੍ਹਾਂ ਦਾ ਰੱਖੋਂ ਖ਼ਾਸ ਧਿਆਨ
ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਜੇਕਰ ਆਈ ਫਲੂ ਹੋ ਜਾਂਦਾ ਹੈ ਤਾਂ ਅੱਖਾਂ ਨੂੰ ਸਾਫ਼ ਕਰਨ ਲਈ ਆਈ ਵਾਈਪਸ ਦੀ ਵਰਤੋਂ ਕਰੋ। ਅੱਖਾਂ ਨੂੰ ਨਾ ਰਗੜੋ, ਕਾਂਟੈਕਟ ਲੈਂਜ਼ ਦੀ ਵਰਤੋਂ ਨਾ ਕਰੋ, ਘਰੇਲੂ ਨੁਸਖੇ਼ ਜਾਂ ਘਰੇਲੂ ਉਪਚਾਰ ਦੀ ਵਰਤੋਂ ਨਾ ਕਰੋ, ਘਰ ਵਿੱਚ ਪਹਿਲਾਂ ਤੋਂ ਪਏ ਹੋਏ ਆਈ ਡਰਾਪਸ ਦੀ ਵਰਤੋਂ ਨਾ ਕਰੋ।
ਅੱਖਾਂ ਦੇ ਮਾਹਿਰਾਂ ਦੀ ਮਾਪਿਆਂ ਨੂੰ ਅਪੀਲ
ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੱਛਣਾਂ ਵਾਲੇ ਬੱਚਿਆਂ ਨੂੰ ਸਕੂਲ ਵਿੱਚ ਆਉਣ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾਵੇ।
ਇਹ ਵੀ ਪੜ੍ਹੋ: Ludhiana Gangster: ਲੁਧਿਆਣਾ ਪੁਲਿਸ ਨੇ ਕਾਬੂ ਕੀਤੇ ਬੀ ਕੈਟਾਗਰੀ ਦੇ ਇਹ ਖੁੰਖਾਰ ਗੈਂਗਸਟਰ, ਵੱਡੀ ਮਾਤਰਾ ’ਚ ਹਥਿਆਰ ਵੀ ਬਰਾਮਦ
- PTC NEWS