Muktsar Police : ਮੁਕਤਸਰ ਜੇਲ੍ਹ 'ਚ ਭੁੱਖ ਹੜਤਾਲ 'ਤੇ ਚੱਲ ਰਹੇ 7 ਵਿਚੋਂ 3 ਕਿਸਾਨਾਂ ਦੀ ਵਿਗੜੀ ਸਿਹਤ, ਹਸਪਤਾਲ ਦਾਖਲ, ਜਾਣੋ ਪੂਰਾ ਮਾਮਲਾ
Ghasokhana Sewerage Pipeline Case : ਬਠਿੰਡਾ ਦੇ ਪਿੰਡ ਘਸੋਖਾਨਾ 'ਚ ਸੀਵਰੇਜ ਪਾਈਪਲਾਈਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹੁਣ ਸੀਵਰੇਜ ਪਾਈਪਲਾਈਨ ਦਾ ਵਿਰੋਧ ਕਰ ਰਹੇ ਹਿਰਾਸਤ 'ਚ ਲੈ ਕੇ ਮੁਕਤਸਰ ਜੇਲ੍ਹ 'ਚ ਬੰਦ ਕੀਤੇ ਗਏ ਕਿਸਾਨਾਂ ਵਿਚੋਂ 3 ਕਿਸਾਨਾਂ ਦੀ ਸਿਹਤ ਵਿਗੜ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੁਕਤਸਰ ਜੇਲ੍ਹ (Muktsar Jail) ਵਿੱਚ 7 ਕਿਸਾਨਾਂ ਵੱਲੋਂ ਭੁੱਖ ਹੜਤਾਲ (Farmer Hunger Strike) ਕੀਤੀ ਜਾ ਰਹੀ ਸੀ, ਜਿਨ੍ਹਾਂ ਵਿਚੋਂ ਐਤਵਾਰ 3 ਕਿਸਾਨ ਬਿਮਾਰ ਹੋ ਗਏ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਮੁਕਤਸਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕਿਸਾਨਾਂ ਨੇ ਮੈਡੀਕਲ ਟਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਅਨੁਸਾਰ 21 ਮਈ ਤੋਂ ਮੁਕਤਸਰ ਦੀ ਜੇਲ੍ਹ ਵਿੱਚ ਬੰਦ ਇਹ ਕਿਸਾਨ ਪਾਈਪਲਾਈਨ ਲਗਾਉਣ ਦੇ ਵਿਰੋਧ ਵਿਚ ਭੁੱਖ ਹੜਤਾਲ ਕਰ ਰਹੇ ਹਨ। ਅੱਜ ਤਿੰਨ ਕਿਸਾਨ ਭੁੱਖ ਕਾਰਨ ਬੀਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਤਿੰਨਾਂ ਤੋਂ ਇਲਾਵਾ 2 ਹੋਰ ਕਿਸਾਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਦੇ ਵੱਲੋਂ ਭੁੱਖ ਹੜਤਾਲ ਨਹੀਂ ਕੀਤੀ ਹੋਈ ਸੀ। ਦੱਸ ਦਈਏ ਕਿ ਅੱਜ ਮੁਕਤਸਰ ਦੇ ਸਿਵਲ ਹਸਪਤਾਲ ਪੰਜ ਕਿਸਾਨਾਂ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਹੈ।
ਡਾਕਟਰਾਂ ਨੇ ਕਿਸਾਨਾਂ ਦੀ ਹਾਲਤ 'ਤੇ ਜਤਾਈ ਚਿੰਤਾ
ਡਾਕਟਰਾਂ ਨੇ ਦੱਸਿਆ ਕਿ ਇਹ ਸਾਰੇ ਕਿਸਾਨ 60 ਸਾਲ ਦੀ ਉਮਰ ਤੋਂ ਵੱਧ ਹਨ ਅਤੇ ਜੇਕਰ ਇਹ ਭੁੱਖ ਹੜਤਾਲ 'ਤੇ ਬਣੇ ਰਹਿੰਦੇ ਹਨ, ਤਾਂ ਇਨ੍ਹਾਂ ਦੀ ਸਿਹਤ ਹੋਰ ਵੀ ਨਾਜੁਕ ਹੋ ਸਕਦੀ ਹੈ। ਹਸਪਤਾਲ ਅਧਿਕਾਰੀਆਂ ਨੇ ਵੀ ਸਥਿਤੀ ਉਤੇ ਚਿੰਤਾ ਜਤਾਈ ਹੈ।
ਉਧਰ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਭੁੱਖ ਹੜਤਾਲ ਨਾ ਸਿਰਫ਼ ਕਿਸਾਨਾਂ ਦੇ ਹੌਸਲੇ ਦੀ ਨਿਸ਼ਾਨੀ ਹੈ, ਸਗੋਂ ਇਹ ਸਰਕਾਰ ਅਤੇ ਪ੍ਰਸ਼ਾਸਨ ਦੇ ਫੈਸਲਿਆਂ ਉਤੇ ਉਠ ਰਹੇ ਸਵਾਲਾਂ ਨੂੰ ਵੀ ਉਜਾਗਰ ਕਰ ਰਹੀ ਹੈ।
- PTC NEWS