Ajnala ’ਚ ਤੇਜ਼ ਮੀਂਹ ਤੇ ਹਨੇਰੀ ਨੇ ਮਚਾਇਆ ਕਹਿਰ, ਕਈ ਪਰਿਵਾਰਾਂ ਦਾ ਹੋਇਆ ਭਾਰੀ ਨੁਕਸਾਨ
Ajnala News : ਪੰਜਾਬ ਭਰ ’ਚ ਬੀਤੀ ਸ਼ਾਮ ਹੋਈ ਤੇਜ਼ ਬਾਰਿਸ਼, ਠੰਢੀਆਂ ਹਵਾਵਾਂ ਅਤੇ ਤੂਫ਼ਾਨ ਨੇ ਜਿੱਥੇ ਲੋਕਾਂ ਨੂੰ ਲੰਮੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕਈ ਪਰਿਵਾਰਾਂ ਲਈ ਇਹ ਕੁਦਰਤੀ ਆਫ਼ਤ ਕਹਿਰ ਬਣ ਕੇ ਟੁੱਟੀ। ਅਜਨਾਲਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਹੋਏ ਨੁਕਸਾਨ ਕਾਰਨ ਪ੍ਰਭਾਵਿਤ ਪਰਿਵਾਰ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕਰ ਰਹੇ ਹਨ।
ਪਿੰਡ ਨੰਗਲ ਸੋਲ ਵਿੱਚ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਕਿਸਾਨ ਦੀਆਂ ਦੋ ਦੁਧਾਰੂ ਪਸ਼ੂਆਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨਾਲ ਕਿਸਾਨ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਸੇ ਤਰ੍ਹਾਂ ਅਜਨਾਲਾ ਦੇ ਪਿੰਡ ਤੇੜਾ ਕਲਾਂ ਵਿੱਚ ਤੇਜ਼ ਹਨੇਰੀ ਕਾਰਨ ਇੱਕ ਪੋਲਟਰੀ ਫਾਰਮ ਦੀ ਛੱਤ ਉੱਡ ਗਈ, ਜਿਸ ਨਾਲ ਫਾਰਮ ਮਾਲਕ ਦਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪ੍ਰਭਾਵਿਤ ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਉੱਥੇ ਹੀ ਨਜ਼ਦੀਕੀ ਪਿੰਡ ਪੰਜ ਗਰਾਈਆਂ ਵਿੱਚ ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਘਰ ਦੇ ਕੁਝ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਵੀ ਸਰਕਾਰ ਕੋਲੋਂ ਰਾਹਤ ਅਤੇ ਮਾਲੀ ਮਦਦ ਦੀ ਮੰਗ ਕੀਤੀ ਹੈ।
ਬੇਸ਼ੱਕ ਇਹ ਬਰਸਾਤ ਕਈ ਲੋਕਾਂ ਲਈ ਸੁਖਦਾਈ ਮੌਸਮ ਲੈ ਕੇ ਆਈ, ਪਰ ਪ੍ਰਭਾਵਿਤ ਪਰਿਵਾਰਾਂ ਲਈ ਇਹ ਇੱਕ ਵੱਡੀ ਮੁਸੀਬਤ ਸਾਬਤ ਹੋਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਨੁਕਸਾਨ ਦਾ ਜਾਇਜ਼ਾ ਲੈ ਕੇ ਜਲਦ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Jagraon ’ਚ AAP ਆਗੂ ਦੇ ਘਰ ’ਤੇ ਹਮਲਾਵਰਾਂ ਨੇ ਕੀਤੇ 17 ਰਾਊਂਡ ਫਾਇਰ; ਘਰ ਅੰਦਰ ਮੌਜੂਦ ਸੀ ਇੱਕ ਔਰਤ ਤੇ ਨਿੱਕੀ ਬੱਚੀ
- PTC NEWS