AAP MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਨਹੀਂ ਮਿਲੀ ਰਾਹਤ , ਹਾਈਕੋਰਟ ਨੇ ਸਜ਼ਾ ’ਤੇ ਰੋਕ ਲਾਉਣ ਤੋਂ ਕੀਤਾ ਇਨਕਾਰ
Manjinder Singh Lalpura : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਦਿੱਤੀ। ਮਨਜਿੰਦਰ ਲਾਲਪੁਰਾ ਨੇ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿੱਚ ਨਾਲ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਹਾਲਾਂਕਿ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਸਜ਼ਾ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਹੁਣ ਕੇਸ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਲੀ ਸੁਣਵਾਈ ‘ਤੇ ਮਾਮਲੇ ਦਾ ਪੂਰਾ ਰਿਕਾਰਡ ਪੇਸ਼ ਕਰਨ ਦਾ ਵੀ ਹੁਕਮ ਦਿੱਤਾ ਹੈ। ਹੇਠਲੀ ਅਦਾਲਤ ਰਿਕਾਰਡ ਭੇਜੇਗੀ। ਹਾਈ ਕੋਰਟ ਨੇ ਪੁੱਛਿਆ- ਕੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਣ ਬਾਰੇ ਕੋਈ ਕਾਰਵਾਈ ਹੋਈ ਹੈ ?' ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਤੁਹਾਨੂੰ ਕਿਸ ਗੱਲ ਦੀ ਕਾਹਲੀ ਹੈ? ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ, ਇਸ ਲਈ ਇਸ ਪੜਾਅ 'ਤੇ ਤੁਰੰਤ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ।
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਿਧਾਇਕ ਨੇ ਆਪਣੀ ਸਜ਼ਾ ‘ਤੇ ਰੋਕ ਲਗਾਉਣ ਲਈ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ, ਜਿਸਦੀ ਸੁਣਵਾਈ ਅੱਜ ਹੋਈ। ਪਿਛਲੀ ਸੁਣਵਾਈ ਦੌਰਾਨ ਲਾਲਪੁਰਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਸਜ਼ਾ ‘ਤੇ ਰੋਕ ਨਹੀਂ ਲਗਾਈ ਗਈ ਤਾਂ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਆਪਣੇ ਆਪ ਰੱਦ ਹੋ ਸਕਦੀ ਹੈ, ਜਿਸ ਨਾਲ ਹਲਕੇ ਵਿੱਚ ਨਵੀਆਂ ਚੋਣਾਂ ਦੀ ਲੋੜ ਪਵੇਗੀ।
ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਤਰਨਤਾਰਨ ਜ਼ਿਲ੍ਹਾ ਅਦਾਲਤ ਨੇ ਮਨਜਿੰਦਰ ਸਿੰਘ ਲਾਲਪੁਰਾ ਅਤੇ 12 ਹੋਰਾਂ ਨੂੰ ਕੁੱਟਮਾਰ ਅਤੇ ਛੇੜਛਾੜ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਪੁਲਿਸ ਨੇ ਵਿਧਾਇਕ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 12 ਸਤੰਬਰ ਨੂੰ ਸੁਣਵਾਈ ਤੋਂ ਬਾਅਦ ਵਿਧਾਇਕ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਪੂਰਾ ਮਾਮਲਾ 2013 ਦਾ ਹੈ। ਪੀੜਤਾ ਦੇ ਵਕੀਲ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡਰਾਈਵਰ ਸੀ।
ਕੀ ਸੀ ਮਾਮਲਾ?
ਇਹ ਪੂਰਾ ਮਾਮਲਾ 2013 ਦਾ ਹੈ। ਉਸ ਸਮੇਂ ਵਿਧਾਇਕ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ। ਉਸ 'ਤੇ ਇੱਕ ਵਿਆਹ ਵਿੱਚ ਆਈ ਇੱਕ ਨੌਜਵਾਨ ਲੜਕੀ ਨਾਲ ਕੁੱਟਮਾਰ ਕਰਨ ਦਾ ਆਰੋਪ ਸੀ। ਲੜਕੀ ਨੇ ਟੈਕਸੀ ਡਰਾਈਵਰਾਂ 'ਤੇ ਛੇੜਛਾੜ ਦੇ ਵੀ ਆਰੋਪ ਲਗਾਏ ਸਨ। 2022 ਵਿੱਚ ‘ਆਪ’ ਨੇ ਤਰਨਤਾਰਨ ਦੀ ਖਡੂਰ ਸਾਹਿਬ ਸੀਟ ਤੋਂ ਲਾਲਪੁਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ, ਕਾਂਗਰਸ ਪਾਰਟੀ ਨੂੰ 55,756 ਵੋਟਾਂ ਦੇ ਫਰਕ ਨਾਲ ਹਰਾਇਆ।
- PTC NEWS