ਸਮਰਾਲਾ 'ਚ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਨੇ ਪੈਦਲ ਜਾ ਰਹੇ ਨੂੰਹ-ਸੱਸ ਸਮੇਤ ਬੱਚੇ ਨੂੰ ਕੁਚਲਿਆ
ਸਮਰਾਲਾ: ਸ਼ੁੱਕਰਵਾਰ ਦੇਰ ਸ਼ਾਮ ਸਮਰਾਲਾ (Car Accident) ਦੇ ਚਹਿਲਾਂ ਫਲਾਈਓਵਰ 'ਤੇ ਹੋਏ ਇੱਕ ਭਿਆਨਕ ਹਾਦਸੇ (Road accident) ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਪਿੱਛੋਂ ਆ ਰਹੀ ਹੋਂਡਾ ਸਿਟੀ ਤੇਜ਼ ਰਫਤਾਰ ਕਾਰ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਹਾਦਸੇ ਵਿੱਚ ਦੋਵੇਂ ਔਰਤਾਂ ਅਤੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਕਾਰ ਚਾਲਕ ਨੂੰ ਕਾਬੂ ਕਰ ਲਿਆ। ਮ੍ਰਿਤਕਾਂ 'ਚ ਸੱਸ-ਨੂੰਹ ਤੇ ਇੱਕ ਬੱਚਾ ਸ਼ਾਮਲ ਸੀ।
ਜਾਣਕਾਰੀ ਦਿੰਦਿਆਂ ਥਾਣਾ ਸਮਰਾਲਾ ਦੇ ਐਸਐਚਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਨ ਸੋਨਾ (ਉਮਰ 54 ਸਾਲ), ਨੂੰਹ ਪੂਜਾ (ਉਮਰ 23 ਸਾਲ) ਅਤੇ ਪੂਜਾ ਦੇ ਮਾਸੂਮ ਪੁੱਤਰ ਜਨੂ (ਉਮਰ 1 ਸਾਲ) ਵਜੋਂ ਹੋਈ ਹੈ।
ਮ੍ਰਿਤਕ ਸੱਸ-ਨੂੰਹ ਇੱਕ ਸਾਲ ਦੇ ਮਾਸੂਮ ਬੱਚੇ ਸਮੇਤ ਆਪਣੇ ਇੱਕ ਗੁਆਂਢੀ ਨਾਲ ਮੋਟਰਸਾਈਕਲ ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ।ਸਮਰਾਲਾ ਨੇੜੇ ਚਹਿਲਾਂ ਹਾਈਵੇ ਤੇ ਪਹੁੰਚਣ 'ਤੇ ਇਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਮੋਟਰਸਾਈਕਲ ਚਾਲਕ ਹਸੀਨ ਇਨ੍ਹਾਂ ਨੂੰ ਉੱਥੇ ਉਤਾਰ ਕੇ ਥੋੜੀ ਦੂਰ ਅੱਗੇ ਪਾਣੀ ਦੀ ਬੋਤਲ ਲੈਣ ਚਲਾ ਗਿਆ। ਪੂਜਾ ਗੋਦੀ ਚੁੱਕੇ ਆਪਣੇ ਮਾਸੂਮ ਬੱਚੇ ਅਤੇ ਸੱਸ ਸੋਨਾ ਨੂੰ ਨਾਲ ਲੈ ਕੇ ਫਲਾਈਓਵਰ ਪੈਦਲ ਹੀ ਪਾਰ ਕਰਨ ਲੱਗੀਆਂ ਸਨ। ਇੰਨੇ ਵਿੱਚ ਹੀ ਪਿੱਛੋਂ ਆਈ ਤੇਜ਼ ਰਫਤਾਰ ਹੋਂਡਾ ਕਾਰ ਨੇ ਇਨ੍ਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੂਰ ਤੱਕ ਇਨ੍ਹਾਂ ਨੂੰ ਘੜੀਸਦੀ ਹੋਈ ਹੀ ਲੈ ਗਈ।
ਉਨ੍ਹਾਂ ਦੱਸਿਆ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕ ਔਰਤਾਂ ਜੋ ਕਿ ਪ੍ਰਵਾਸੀ ਹਨ ਆਪਣੇ ਪਰਿਵਾਰ ਸਮੇਤ ਲੁਧਿਆਣਾ ਵਿਖੇ ਰਹਿੰਦੀਆਂ ਸੀ। ਪੁਲਿਸ ਨੇ ਕਾਬੂ ਕੀਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਮਰਾਲ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ।
-