Khanna ’ਚ ਵਾਪਰਿਆ ਭਿਆਨਕ ਹਾਦਸਾ; ਪੁਲ ਤੋਂ ਡਿੱਗਿਆ ਆਲੂਆਂ ਨਾਲ ਭਰਿਆ ਟਰਾਲਾ ਤੇ ਝੋਨੇ ਦੀ ਟਰੈਕਟਰ-ਟ੍ਰਾਲੀ
Khanna Accident News : ਖੰਨਾ ਵਿੱਚ ਤੜਕਸਾਰ ਕੌਮੀ ਰਾਜਮਾਰਗ 'ਤੇ ਇਕ ਭਿਆਨਕ ਸੜਕੀ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਆਲੂਆਂ ਨਾਲ ਭਰਿਆ ਇਕ ਟਰਾਲਾ ਅਤੇ ਝੋਨੇ ਦੀ ਟਰੈਕਟਰ-ਟ੍ਰਾਲੀ ਪੁਲ ਤੋਂ ਡਿੱਗਣ ਕਾਰਨ ਅੱਗ ਲੱਗ ਗਈ। ਗਣੀਮਤ ਇਹ ਰਹੀ ਕਿ ਇਸ ਭਿਆਨਕ ਹਾਦਸੇ ’ਚ ਡਰਾਈਵਰ ਅਤੇ ਕਲੀਨਰ ਦਾ ਬਚਾਅ ਰਿਹਾ ਜਦਕਿ ਹਾਦਸੇ ਵਿੱਚ ਇੱਕ ਕਿਸਾਨ ਵੀ ਜਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਟਰੱਕ ਡਰਾਈਵਰ ਯੂਸਫ਼ ਆਪਣੇ ਕਲੀਨਰ ਹਰਦੀਪ ਸਿੰਘ ਨਾਲ ਜਲੰਧਰ ਤੋਂ ਪੱਛਮੀ ਬੰਗਾਲ ਵੱਲ ਆਲੂ ਲੋਡ ਕਰਕੇ ਲਿਜਾ ਰਿਹਾ ਸੀ। ਸਵੇਰੇ ਖੰਨਾ ਨੇੜੇ ਬਾਹੋਮਾਜਰਾ ਪਿੰਡ ਦੇ ਫਲਾਈਓਵਰ 'ਤੇ ਅਚਾਨਕ ਇਕ ਕਾਰ ਟਰੱਕ ਦੇ ਅੱਗੇ ਆ ਗਈ। ਕਾਰ ਨਾਲ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਤੇਜ਼ ਬ੍ਰੇਕ ਲਗਾਈ, ਜਿਸ ਕਾਰਨ ਟਰੱਕ ਦਾ ਸੰਤੁਲਨ ਬਿਗੜ ਗਿਆ ਤੇ ਸਿੱਧਾ ਅੱਗੇ ਜਾ ਰਹੀ ਟਰੈਕਟਰ-ਟ੍ਰਾਲੀ ਨਾਲ ਟਕਰਾ ਗਿਆ।
ਟੱਕਰ ਨਾਲ ਟਰੈਕਟਰ ਟਰਾਲੀ ਦਾ ਟਰਾਲਾ ਪੁੱਲ ਤੋਂ ਹੇਠਾਂ ਡਿੱਗ ਗਿਆ। ਟਰਾਲਾ ਵਿਚੋਂ ਡੀਜ਼ਲ ਸੜਕ 'ਤੇ ਡੁੱਲ ਗਿਆ ਅਤੇ ਉਸਨੇ ਅੱਗ ਫੜ ਲਈ। ਕੁਝ ਹੀ ਪਲਾਂ ਵਿੱਚ ਟਰਾਲਾ ਅੱਗ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਸੜਕ ਸੁਰੱਖਿਆ ਦਲ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੱਡੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਹਾਦਸੇ ਵਿੱਚ ਸ਼ਾਹਪੁਰ ਪਿੰਡ ਦਾ ਰਹਿਣ ਵਾਲਾ ਕਿਸਾਨ ਰੁਪਿੰਦਰ ਸਿੰਘ, ਜੋ ਆਪਣੀ ਟਰੈਕਟਰ-ਟ੍ਰਾਲੀ ਵਿਚ ਝੋਨਾ ਲੈ ਕੇ ਖੰਨਾ ਮੰਡੀ ਜਾ ਰਿਹਾ ਸੀ, ਜਖਮੀ ਹੋ ਗਿਆ। ਟਰੱਕ ਡਰਾਈਵਰ ਯੂਸਫ਼ ਅਤੇ ਉਸਦਾ ਕਲੀਨਰ ਹਰਦੀਪ ਸਿੰਘ ਵੀ ਜਖ਼ਮੀ ਹੋਏ। ਜਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਕੁਝ ਸਮੇਂ ਲਈ ਹਾਈਵੇ 'ਤੇ ਟਰੈਫਿਕ ਪ੍ਰਭਾਵਿਤ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਪ੍ਰਾਰੰਭਿਕ ਜਾਂਚ ਅਨੁਸਾਰ ਹਾਦਸਾ ਕਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਟਰਾਲਾ ਡਰਾਈਵਰ ਦਾ ਕੀ ਕਸੂਰ ਰਿਹਾ।
ਇਹ ਵੀ ਪੜ੍ਹੋ : Shiromani Akali Dal ਵੱਲੋਂ AAP ’ਤੇ ਧੱਕੇਸ਼ਾਹੀ ਦੇ ਇਲਜ਼ਾਮ; ਕਿਹਾ- ਸਰਕਾਰ ਨੂੰ ਖੁਸ਼ ਕਰਨ ਲਈ ਕੁਝ ਅਫਸਰ ਵਰਦੀ ਦੀ ਕਰ ਰਹੇ ਦੁਰਵਰਤੋਂ
- PTC NEWS