Hoshiarpur ‘ਚ 5 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਪਿੰਡਾਂ ਦੇ ਸਰਪੰਚਾਂ ਨੇ ਪ੍ਰਵਾਸੀਆਂ ਖਿਲਾਫ਼ ਖੋਲ੍ਹਿਆ ਮੋਰਚਾ, ਲਏ ਇਹ ਫ਼ੈਸਲੇ
Hoshiarpur News : ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ 'ਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਦਾ ਕਤਲ ਕਰਨ ਤੋਂ ਬਾਅਦ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ 'ਚ ਬਲਾਕ 2 ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਵੱਲੋਂ ਪ੍ਰਵਾਸੀਆਂ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਹਾ ਹੈ ਕਿ ਉਹ ਪ੍ਰਵਾਸੀਆਂ ਦੇ ਕਿਸੇ ਵੀ ਸਰਕਾਰੀ ਕਾਗਜ਼ ਦੀ ਤਸਦੀਕ ਨਹੀਂ ਕਰਨਗੇ। ਇਸ ਤੋਂ ਇਲਾਵਾ ਪ੍ਰਵਾਸੀਆਂ ਦੇ ਨਾ ਤਾਂ ਆਧਾਰ ਕਾਰਡ ਹੀ ਬਣਾਏ ਜਾਣਗੇ ਤੇ ਨਾ ਹੀ ਵੋਟਰ ਕਾਰਡ।
ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਨਾਜਾਇਜ਼ ਢੰਗ ਨਾਲ ਪਿੰਡਾਂ 'ਚ ਰਹਿ ਰਹੇ ਨੇ ,ਉਹ ਜਲਦ ਤੋਂ ਜਲਦ ਪਿੰਡਾਂ ਨੂੰ ਛੱਡ ਕੇ ਚਲੇ ਜਾਣ। ਇਸ ਮੌਕੇ ਪੰਚਾਇਤਾਂ ਨੇ ਫੈਸਲਾ ਕੀਤਾ ਕਿ ਜੋ ਪ੍ਰਵਾਸੀ ਪੱਕੇ ਤੌਰ 'ਤੇ ਪਿੰਡਾਂ 'ਚ ਰਹਿ ਰਹੇ ਹਨ ਜਾਂ ਫਿਰ ਜਿਨ੍ਹਾਂ ਵਲੋਂ ਮਕਾਨ ਬਣਾ ਲਏ ਗਏ ਹਨ, ਉਹ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬੰਧਿਤ ਥਾਣਿਆਂ 'ਚ ਜਮਾਂ ਕਰਵਾਉਣ।
ਦੱਸ ਦੇਈਏ ਕਿ ਹੁਸ਼ਿਆਰਪੁਰ ਸ਼ਹਿਰ ਦੇ ਮੁਹਲਾ ਨਿਊ ਦੀਪ ਨਗਰ 'ਚ ਬੀਤੇ ਦਿਨੀਂ ਇਕ 5 ਸਾਲ ਦਾ ਬੱਚਾ ਅਗਵਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਅਤੇ ਪੁੱਛਗਿਛ ਦੌਰਾਨ ਉਸਨੇ ਬੱਚੇ ਨੂੰ ਮਾਰਨ ਦੀ ਗੱਲ ਕਬੂਲੀ।
ਉਹਨਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੈ ਅਤੇ ਕਥਿਤ ਤੌਰ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਜਿਸ ਬਾਰੇ ਵੀ ਜਾਂਚ ਜਾਰੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਬੱਚੇ ਹਰਵੀਰ ਦੇ ਮਾਤਾ-ਪਿਤਾ, ਪਰਿਵਾਰਿਕ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ ਅਤੇ ਇਲਾਵਾ ਸਮੂਹ ਇਲਾਕਾ ਨਿਵਾਸੀ ਸ਼ੌਕਗ੍ਰਸਤ ਸਨ ਅਤੇ ਕਾਤਿਲਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕਰ ਰਹੇ ਸਨ।
- PTC NEWS