Patiala Robbery Video : ਮਾਲਕਣ ਨੂੰ ਬੰਨ੍ਹਿਆ, ਖਾਣੇ 'ਚ ਪਰਿਵਾਰ ਨੂੰ ਦਿੱਤਾ ਨਸ਼ੀਲਾ ਪਦਾਰਥ, ਨੌਕਰਾਣੀ ਨੇ ਸਾਥੀਆਂ ਨਾਲ ਮਿਲ ਕੇ ਲੁੱਟਿਆ ਘਰ
Patiala News : ਜੇਕਰ ਤੁਸੀ ਵੀ ਘਰ ਵਿੱਚ ਨੌਕਰ ਜਾਂ ਨੌਕਰਾਣੀ ਰੱਖੀ ਹੋਈ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖ਼ਬਰ ਇਸ ਸਬੰਧ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਚੌਕਸ ਕਰਨ ਵਾਲੀ ਹੈ। ਪਟਿਆਲਾ ਦੇ ਨਾਭਾ ਰੋਡ 'ਤੇ ਸਥਿਤ ਲਕਸ਼ਮੀ ਪੈਲੇਸ ਦੇ ਪਿੱਛੇ ਇੱਕ ਘਰ ਵਿੱਚ ਲੱਗੀ ਨੌਕਰਾਨੀ ਵੱਲੋਂ ਆਪਣੇ ਮਾਲਕਾਂ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਲੁੱਟ ਕੀਤੀ ਗਈ ਹੈ। ਇਸ ਲੁੱਟ ਵਿੱਚ ਉਸ ਦੇ ਤਿੰਨ ਸਾਥੀ ਵੀ ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁੱਟ ਦੀ ਇੱਕ ਸੀਸੀਟੀਵੀ ਵੀ ਵਾਇਰਲ ਹੋਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੁਟੇਰੀ ਨੌਕਰਾਣੀ ਦੇ 3 ਸਾਥੀ ਘਰ ਵਿੱਚ ਘਰ ਦਾਖਲ ਹੁੰਦੇ ਹਨ ਅਤੇ ਫਿਰ ਪੌੜੀਆਂ ਰਾਹੀਂ ਹੇਠਾਂ ਆਉਂਦੇ ਹਨ ਅਤੇ ਇੱਕ ਕਮਰੇ ਵਿੱਚ ਜਾਂਦੇ ਹਨ। ਇਸ ਪਿੱਛੋਂ ਉਹ ਫਿਰ ਕਮਰੇ ਵਿਚੋਂ ਨਿਕਲਦੇ ਹਨ ਅਤੇ ਫਿਰ ਪੌੜੀਆਂ ਰਾਹੀਂ ਉਪਰ ਚਲੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਸੀਸੀਟੀਵੀ ਮੋਬਾਈਲ ਫੋਨ ਨਾਲ ਵੀ ਅਟੈਚ ਹੈ ਅਤੇ ਇਸ ਦੌਰਾਨ ਦੀ ਇੱਕ ਨੋਟੀਫਿਕੇਸ਼ਨ ਘਰ ਦੇ ਜੀਅ ਨੂੰ ਪਹੁੰਚਦੀ ਹੈ ਤਾਂ ਉਹ ਸੀਸੀਟੀਵੀ ਵੇਖਣ ਲੱਗਦਾ ਹੈ। ਜਦੋਂ ਉਸਨੂੰ ਘਰ ਵਿੱਚ ਹਿਲਜੁਲ ਨਜ਼ਰ ਆਉਂਦੀ ਹੈ ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਘਰ ਵੇਖਣ ਜਾਣ ਲਈ ਕਹਿੰਦਾ ਹੈ।
ਜਦੋਂ ਉਸਦੇ ਰਿਸ਼ਤੇਦਾਰ ਘਰ ਦੇ ਬਾਹਰ ਪਹੁੰਚਦੇ ਹਨ ਤਾਂ ਲੁਟੇਰਿਆਂ ਨੂੰ ਇਸ ਸਬੰਧੀ ਜਦੋਂ ਪਤਾ ਲੱਗ ਜਾਂਦਾ ਹੈ ਕਿ ਕੋਈ ਬਾਹਰੋਂ ਅੰਦਰ ਆ ਰਿਹਾ ਹੈ, ਤਾਂ ਉਹ ਫਰਾਰ ਹੋ ਜਾਂਦੇ ਹਨ। ਉਪਰੰਤ ਰਿਸ਼ਤੇਦਾਰ ਜਦੋਂ ਘਰ ਵਿੱਚ ਦਾਖ਼ਲ ਹੁੰਦੇ ਹਨ ਤਾਂ ਘਰ ਦੀ ਮਾਲਕਣ ਮਹਿਲਾ ਨੂੰ ਬੁਰੀ ਤਰ੍ਹਾਂ ਟੇਪ ਅਤੇ ਰੱਸੀ ਨਾਲ ਬੰਨਿਆ ਪਾਇਆ ਜਾਂਦਾ ਹੈ।
ਹਾਲਾਂਕਿ, ਲੁੱਟੇਰਿਆਂ ਵੱਲੋਂ ਕੀ ਕੁਝ ਲੁੱਟਿਆ ਗਿਆ ਹੈ। ਇਸ ਸਬੰਧੀ ਅਜੇ ਤੱਕ ਕੋਈ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
- PTC NEWS