Jalandhar News : 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਵਾਲੇ ਪ੍ਰਵਾਸੀ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ
Jalandhar News : ਹੁਸ਼ਿਆਰਪੁਰ ਤੋਂ ਬਾਅਦ ਹੁਣ ਜਲੰਧਰ 'ਚ ਇੱਕ ਪ੍ਰਵਾਸੀ ਨੇ ਕੁੜੀ ਨਾਲ ਸ਼ਰਮਨਾਕ ਹਰਕਤ ਕੀਤੀ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਸੋਢਲ ਦੇ ਪ੍ਰੀਤ ਨਗਰ ਵਿੱਚ ਲੋਕਾਂ ਨੇ ਇਕ ਪ੍ਰਵਾਸੀ ਨੂੰ 4 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਲਿਜਾਂਦੇ ਹੋਏ ਫੜ ਲਿਆ। ਇਸ ਦੌਰਾਨ ਲੋਕਾਂ ਨੇ ਉਸ ਵਿਅਕਤੀ ਦੀ ਜ਼ਬਰਦਸਤ ਛਿੱਤਰ-ਪਰੇਡ ਕੀਤੀ। ਲੋਕਾਂ ਦਾ ਆਰੋਪ ਹੈ ਕਿ ਉਕਤ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਛੇੜਛਾੜ ਕੀਤੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਹੀ ਫੜਿਆ ਗਿਆ।
ਇਸ ਦੌਰਾਨ ਲੋਕਾਂ ਨੇ ਉਸ ਵਿਅਕਤੀ ਨੂੰ ਰੱਸੀਆਂ ਨਾਲ ਬੰਨ੍ਹ ਕੇ ਚੱਪਲਾਂ ਨਾਲ ਛਿੱਤਰ-ਪਰੇਡ ਕੀਤੀ। ਲੋਕਾਂ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਫੜ ਕੇ ਥਾਣੇ ਲੈ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਵਿਅਕਤੀ ਬੱਚੀ ਨੂੰ ਸਕੂਲ ਤੋਂ ਆਉਂਦੇ ਸਮੇਂ ਅਗਵਾ ਕਰਕੇ ਭਜਾ ਕੇ ਲੈ ਜਾ ਰਿਹਾ ਸੀ। ਇਸ ਦੌਰਾਨ ਲੋਕਾਂ ਨੇ ਉਸਨੂੰ ਫੜ ਲਿਆ।
ਦੂਜੇ ਪਾਸੇ ਜਦੋਂ ਜਾਂਚ ਅਧਿਕਾਰੀ ਨਾਲ ਬੱਚੀ ਨਾਲ ਛੇੜਛਾੜ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਛੇੜਛਾੜ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੁਲਸ ਨੇ ਦੱਸਿਆ ਕਿ ਸਤਨਾਮ ਕੌਰ ਨੇ ਅਗਵਾ ਦੀ ਸ਼ਿਕਾਇਤ ਦਿੱਤੀ ਹੈ। ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਅਗਵਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ਡਿਵੀਜ਼ਨ ਨੰਬਰ-8 ਦੇ ਐੱਸ. ਐੱਚ. ਓ. ਰਾਜਵਿੰਦਰ ਨੇ ਦੱਸਿਆ ਕਿ ਵਿਜੇ ਨਾਂ ਦੇ ਪ੍ਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਆਰੋਪ ਲਗਾਏ ਗਏ ਹਨ ਕਿ ਉਕਤ ਪ੍ਰਵਾਸੀ ਵੱਲੋਂ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬੱਚੀ ਦਾ ਮੈਡੀਕਲ ਕਰਵਾਉਣ ਮਗਰੋਂ ਅਗਲੇਰੀ ਜਾਂਚ ਕੀਤੀ ਜਾਵੇਗੀ ਅਤੇ ਵੱਖ-ਵੱਖ ਧਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
- PTC NEWS