ਇਜ਼ਰਾਈਲ 'ਚ ਜੰਗ ਵਰਗੇ ਹਾਲਾਤ ਵਿਚਾਲੇ ਭਾਰਤ ਨੇ ਜਾਰੀ ਕੀਤੀ ਐਡਵਾਈਜ਼ਰੀ
ਨਵੀਂ ਦਿੱਲੀ: ਭਾਰਤ ਸਰਕਾਰ ਇਜ਼ਰਾਈਲ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਹਮਾਸ ਦੇ ਦਹਿਸ਼ਤਗਰਦਾਂ ਵੱਲੋਂ ਇਜ਼ਰਾਈਲ 'ਤੇ ਭਿਆਨਕ ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਆਦ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ X (ਟਵਿੱਟਰ) 'ਤੇ ਇੱਕ ਵੀਡੀਓ ਸੰਦੇਸ਼ ਵਿੱਚ ਯੁੱਧ ਦਾ ਐਲਾਨ ਕਰ ਦਿੱਤਾ ਹੈ।
ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਹਮਾਸ ਨੇ ਇਜ਼ਰਾਈਲ ਖ਼ਿਲਾਫ਼ ਜੰਗ ਸ਼ੁਰੂ ਕੀਤੀ ਹੈ, ਇਸ 'ਚ ਯਕੀਨਣ ਇਜ਼ਰਾਈਲ ਦੀ ਜਿੱਤ ਹੋਵੇਗੀ।
ਇਸ ਦਰਮਿਆਨ ਭਾਰਤ ਸਰਕਾਰ ਨੇ ਇਜ਼ਰਾਈਲ ਵਿੱਚ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਸਥਿਤੀ 'ਤੇ ਨਜ਼ਰ ਰੱਖਣ ਅਤੇ ਚੌਕਸ ਰਹਿਣ ਲਈ ਵੀ ਕਿਹਾ ਗਿਆ ਹੈ। ਐਡਵਾਈਜ਼ਰੀ 'ਚ ਸਥਾਨਕ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰਦੇ ਹੋਏ ਗੈਰ-ਜ਼ਰੂਰੀ ਕੰਮ ਲਈ ਬਾਹਰ ਨਾ ਜਾਣ ਅਤੇ ਸੁਰੱਖਿਅਤ ਸ਼ੈਲਟਰਾਂ ਦਾ ਸਹਾਰਾ ਲੈਣ ਦੀ ਗਲ ਆਖੀ ਗਈ ਹੈ।
ਲੋੜ ਪੈਣ 'ਤੇ ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲ ਹੋਮ ਫਰੰਟ ਕਮਾਂਡ ਦੀ ਵੈੱਬਸਾਈਟ https://www.oref.org.il/en 'ਤੇ ਜਾਣ ਲਈ ਵੀ ਕਿਹਾ ਗਿਆ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਤੇਲ ਅਵੀਵ ਵਿੱਚ ਭਾਰਤੀ ਸਫ਼ਾਰਤਖ਼ਾਨੇ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਸਫ਼ਾਰਤਖ਼ਾਨੇ ਦਾ ਹੈਲਪਲਾਈਨ ਨੰਬਰ 97235226748 ਹੈ ਅਤੇ ਈ-ਮੇਲ ID consl.telaviv@mea.gov.in ਹੈ।
ਹਾਸਿਲ ਜਾਣਕਾਰੀ ਮੁਤਾਬਕ ਫਲਸਤੀਨੀ ਸੰਗਠਨ ਹਮਾਸ ਨੇ ਇਜ਼ਰਾਈਲ ਦੇ ਤਿੰਨ ਸ਼ਹਿਰਾਂ 'ਤੇ ਰਾਕੇਟ ਹਮਲੇ ਕੀਤੇ ਹਨ। ਰਿਪੋਰਟ ਮੁਤਾਬਕ ਸ਼ਨਿੱਚਰਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ ਦੀ ਰਾਜਧਾਨੀ ਸਮੇਤ 7 ਸ਼ਹਿਰਾਂ 'ਤੇ ਰਾਕੇਟ ਦਾਗੇ ਗਏ ਅਤੇ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ 'ਤੇ ਜਾ ਡਿੱਗੇ। ਇਨ੍ਹਾਂ ਹਮਲਿਆਂ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਇਸ ਦੌਰਾਨ ਹਮਾਸ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕੀਤਾ ਹੈ ਅਤੇ ਇਜ਼ਰਾਇਲੀ ਫੌਜ ਦਾ ਕਹਿਣਾ ਕਿ ਉਨ੍ਹਾਂ ਗਾਜ਼ਾ ਪੱਟੀ ਤੋਂ 2200 ਰਾਕੇਟ ਦਾਗੇ ਹਨ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਹ ਗਾਜ਼ਾ ਪੱਟੀ ਦੇ ਕੁਝ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਦਹਿਸ਼ਤਗਰਦੀ ਸਮੂਹ ਹਮਾਸ ਨੇ ਇਜ਼ਰਾਈਲ ਖ਼ਿਲਾਫ਼ ਨਵੀਂ ਫੌਜੀ ਮੁਹਿੰਮ ਦਾ ਐਲਾਨ ਕੀਤਾ ਹੈ। ਯਰੂਸ਼ਲਮ ਵਿੱਚ ਹਵਾਈ ਹਮਲਿਆਂ ਦੀ ਚੇਤਾਵਨੀ ਦੇਣ ਲਈ ਸਾਇਰਨ ਵਜਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਹਮਾਸ ਦੇ ਫੌਜੀ ਵਿੰਗ ਦੇ ਇੱਕ ਨੇਤਾ ਨੇ ਦਾਅਵਾ ਕੀਤਾ ਸੀ ਕਿ ਨਵੀਂ ਫੌਜੀ ਮੁਹਿੰਮ ਦੇ ਹਿੱਸੇ ਵਜੋਂ ਇਜ਼ਰਾਈਲ 'ਤੇ 5,000 ਤੋਂ ਵੱਧ ਰਾਕੇਟ ਦਾਗੇ ਗਏ ਹਨ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਦੇ ਬੇਟੇ ਦਾ ਕਤਲ; ਬੈਂਚ 'ਤੇ ਬੈਠਣ ਨੂੰ ਲੈ ਕੇ ਗੁਆਂਢੀ ਨਾਲ ਹੋਇਆ ਝਗੜਾ
- PTC NEWS