Spy Arrested in Bathinda : ਬਠਿੰਡਾ 'ਚ ਦਰਜੀ ਦੇ ਭੇਸ 'ਚ ਜਾਸੂਸ ਗ੍ਰਿਫ਼ਤਾਰ, 3 ਦਿਨ ਦੇ ਰਿਮਾਂਡ 'ਤੇ ਮੁਲਜ਼ਮ
Spy Arrested in Bathinda : ਇੱਕ ਪਾਸੇ ਪਾਕਿਸਤਾਨ ਜਿਥੇ ਸਰਹੱਦ 'ਤੇ ਸੀਜ਼ਫਾਇਰ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਕਰਕੇ ਗੋਲੀਬਾਰੀ ਕਰਨ ਤੋਂ ਬਾਜ ਨਹੀਂ ਆ ਰਿਹਾ ਹੈ ਅਤੇ ਭਾਰਤੀ ਫੌਜ ਵੀ ਜ਼ੋਰਦਾਰ ਜਵਾਬ ਦੇ ਰਹੀ ਹੈ। ਇਸ ਦੌਰਾਨ ਹੀ ਬਠਿੰਡਾ ਵਿੱਚ ਇੱਕ ਜਾਸੂਸ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਸੁਰੱਖਿਆ ਏਜੰਸੀਆਂ ਅਤੇ ਬਠਿੰਡਾ ਪੁਲਿਸ ਨੇ ਕੈਂਟ ਖੇਤਰ 'ਚ ਇੱਕ ਟੇਲਰ ਮਾਸਟਰ ਦੇ ਭੇਸ 'ਚ ਜਾਸੂਸੀ ਕਰ ਰਹੇ ਵਿਅਕਤੀ ਨੂੰ ਆਰਮੀ ਨੇ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਪਿਛਲੇ ਦੋ ਸਾਲਾਂ ਤੋਂ ਕੈਂਟ ਇਲਾਕੇ ਵਿੱਚ ਟੇਲਰ ਮਾਸਟਰ ਵਜੋਂ ਕੰਮ ਕਰ ਰਿਹਾ ਸੀ ਅਤੇ ਸੁਰੱਖਿਆ ਸੰਬੰਧੀ ਗਤੀਵਿਧੀਆਂ ਦੇ ਲੰਬੇ ਸਮੇਂ ਤੋਂ ਸ਼ੱਕ ਹੇਠ ਸੀ।
ਜਾਂਚ ਦੌਰਾਨ ਆਰਮੀ ਨੇ ਸ਼ੱਕ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇਸ ਵਿਅਕਤੀ ਨੂੰ ਕਾਬੂ ਕਰਕੇ ਬਠਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਵਿਅਕਤੀ ਆਪਣੀ ਟੇਲਰ ਦੀ ਦੁਕਾਨ ਦੇ ਅੰਦਰ ਹੀ ਰਹਿੰਦਾ ਸੀ ਅਤੇ ਆਪਣੀ ਦਿਨਚਰੀ ਵਿੱਚ ਕੋਈ ਸ਼ੱਕ ਪੈਦਾ ਹੋਣ ਵਾਲੀ ਗੱਲ ਨਹੀਂ ਦਿਖਾਉਂਦਾ ਸੀ।
ਪ੍ਰਾਰੰਭਕ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਵਿਅਕਤੀ ਕੈਂਟ ਇਲਾਕੇ ਵਿੱਚ ਆਵਾਜਾਈ ਅਤੇ ਹੋਰ ਹਸਤੇਨਾਮਿਆਂ ਦੀ ਜਾਣਕਾਰੀ ਇਕੱਠੀ ਕਰ ਰਿਹਾ ਸੀ। ਇਸਦੇ ਮੋਬਾਈਲ ਫੋਨ ਅਤੇ ਹੋਰ ਡਿਜੀਟਲ ਡਿਵਾਈਸਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਅਹੰਮ ਸਬੂਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਤਿੰਨ ਦਿਨ ਦੇ ਰਿਮਾਂਡ 'ਤੇ ਮੁਲਜ਼ਮ
ਬਠਿੰਡਾ ਦੇ SP ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, "ਇਸ ਵਿਅਕਤੀ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਪੁਲਿਸ ਵੱਲੋਂ ਜਾਂਚ ਚਲ ਰਹੀ ਹੈ ਅਤੇ ਹੋਰ ਪਰਤ ਦਰ ਪਰਤ ਖੁਲਾਸੇ ਹੋਣ ਦੀ ਉਮੀਦ ਹੈ।"
ਇਸ ਗ੍ਰਿਫਤਾਰੀ ਨਾਲ ਸੁਰੱਖਿਆ ਸੰਬੰਧੀ ਸੰਭਾਵਿਤ ਵੱਡੀ ਸਾਜ਼ਿਸ਼ ਨੂੰ ਨਾਕਾਮ ਬਣਾਇਆ ਗਿਆ ਹੈ। ਪੁਲਿਸ ਅਤੇ ਆਰਮੀ ਵੱਲੋਂ ਕੈਂਟ ਅਤੇ ਆਸਪਾਸ ਦੇ ਇਲਾਕਿਆਂ 'ਚ ਸੁਰੱਖਿਆ ਪ੍ਰਬੰਧ ਹੋਰ ਵਧਾ ਦਿੱਤੇ ਗਏ ਹਨ।
- PTC NEWS