Hoshiarpur News : ਨਮ ਅੱਖਾਂ ਹੇਠ ਹੋਇਆ ਫੌਜੀ ਸੁਰਜੀਵਨ ਸਿੰਘ ਦਾ ਅੰਤਿਮ ਸਸਕਾਰ, ਅਰੁਣਚਲ ਪ੍ਰਦੇਸ਼ 'ਚ ਡਿਊਟੀ ਦੌਰਾਨ ਹੋਈ ਸੀ ਮੌਤ
ਹੁਸ਼ਿਆਰਪੁਰ ਦੇ ਦਸੂਹਾ ਦੇ ਫੌਜੀ ਨੌਜਵਾਨ ਦੀ ਅਰੁਣਾਚਲ ਪ੍ਰਦੇਸ਼ 'ਚ ਡਿਊਟੀ ਦੌਰਾਨ ਮੌਤ ਹੋ ਗਈ ਹੈ। ਭਾਰਤੀ ਫੌਜ 'ਚ ਸਿਪਾਹੀ ਵੱਜੋਂ ਤੈਨਾਤ ਸੁਰਜੀਵਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ, ਜਿਸ ਦਾ ਉਸ ਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਹੇਠ ਅੰਤਿਮ ਸਸਕਾਰ ਕੀਤਾ ਗਿਆ। ਸੁਰਜੀਵਨ ਸਿੰਘ ਦੀ ਮੌਤ ਦੀ ਖ਼ਬਰ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਿਵੇਂ ਹੀ ਫੌਜੀ ਦਾ ਮ੍ਰਿਤਕ ਸਰੀਰ ਤਿਰੰਗੇ ਝੰਡੇ ਵਿੱਚ ਪਿੰਡ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਜਾਣਕਾਰੀ ਅਨੁਸਾਰ ਸੁਰਜੀਵਨ ਸਿੰਘ ਇਨਕਾਂਗ, ਅਰੁਣਾਚਲ ਪ੍ਰਦੇਸ਼ ਵਿਖੇ 105 ਆਰਸੀਸੀ ਗ੍ਰਿਫ ਵਿੱਚ ਤਾਇਨਾਤ ਸੀ ਅਤੇ ਐਮਟੀ ਡਰਾਈਵਰ ਗ੍ਰੇਡ 1 ਵਜੋਂ ਸੇਵਾ ਨਿਭਾ ਰਿਹਾ ਸੀ। ਸੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਪਿੰਡ ਦੇ ਸਰਪੰਚ ਹਰਮੇਸ਼ ਲਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਬਹੁਤ ਹੀ ਦਿਆਲੂ ਇਨਸਾਨ ਸੀ ਅਤੇ ਹਰ ਕਿਸੇ ਨਾਲ ਮਿਲਣਸਾਰ ਸੀ। ਜਦੋਂ ਇਹ ਪਤਾ ਲੱਗਾ ਕਿ ਸੁਰਜੀਤ ਸਿੰਘ ਦੀ ਮੌਤ ਹੋ ਗਈ ਹੈ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸੁਰਜੀਵਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਸੁਰਜੀਤ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੁਰਜੀਤ ਸਿੰਘ ਨੂੰ ਵਿਦਾਇਗੀ ਦਿੱਤੀ।
- PTC NEWS