Punjab News : ਇੰਡੀਗੋ ਏਅਰਲਾਈਨਜ਼ ਨੇ ਆਦਮਪੁਰ ਤੋਂ ਮੁੰਬਈ ਲਈ ਸ਼ੁਰੂ ਕੀਤੀ ਸਿੱਧੀ ਫਲਾਈਟ , ਸਿੱਖ ਸ਼ਰਧਾਲੂਆਂ ਨੂੰ ਹੋਵੇਗਾ ਵੱਡਾ ਫ਼ਾਇਦਾ
Punjab News : ਇੰਡੀਗੋ ਏਅਰਲਾਈਨਜ਼ ਨੇ ਅੱਜ ਯਾਨੀ ਕਿ 2 ਜੁਲਾਈ 2025 ਤੋਂ ਆਦਮਪੁਰ (ਜਲੰਧਰ) ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਹੈ। ਇਸ ਉਡਾਣ ਨਾਲ ਸਿੱਖ ਸ਼ਰਧਾਲੂਆਂ ਨੂੰ ਵੱਡਾ ਫ਼ਾਇਦਾ ਹੋਵੇਗਾ ਕਿਉਂਕਿ ਇਸ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਅੱਜ ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਣ ਦੁਪਹਿਰ ਵੇਲੇ ਮੁੰਬਈ ਤੋਂ ਚੱਲ ਕੇ ਆਦਮਪੁਰ ਹਵਾਈ ਅੱਡੇ 'ਤੇ ਉਤਰੀ।
ਐਮਪੀ ਸੰਧੂ ਨੇ ਫੈਸਲੇ ਨੂੰ ਦੱਸਿਆ ਇਤਿਹਾਸਕ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਨੂੰ ਸਿੱਖ ਸ਼ਰਧਾਲੂਆਂ ਦੀ ਸਾਲਾਂ ਪੁਰਾਣੀ ਮੰਗ ਦੀ ਪੂਰਤੀ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ, ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ, ਕਿਉਂਕਿ ਕੋਈ ਸਿੱਧੀ ਉਡਾਣ ਨਹੀਂ ਸੀ। ਇਹ ਉਡਾਣ ਉਡਾਣ (UDAN) ਯੋਜਨਾ ਦਾ ਹਿੱਸਾ ਹੈ, ਜੋ ਕੇਂਦਰ ਸਰਕਾਰ ਦੀ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਦੀ ਮਿਸਾਲ ਹੈ।
ਫਲਾਈਟ ਦਾ ਸਮਾਂ
ਇੰਡੀਗੋ ਦੀ ਇਹ ਸਿੱਧੀ ਉਡਾਣ ਲਗਭਗ ਢਾਈ ਘੰਟੇ ਦੀ ਹੋਵੇਗੀ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E 5931 ਦੁਪਹਿਰ 12.55 ਵਜੇ ਮੁੰਬਈ ਤੋਂ ਉਡਾਣ ਭਰੇਗੀ ਅਤੇ 3.15 ਵਜੇ ਆਦਮਪੁਰ ਪਹੁੰਚੇਗੀ। ਆਦਮਪੁਰ ਤੋਂ ਫਲਾਈਟ ਨੰਬਰ 6E 5932 ਦੁਪਹਿਰ 3.50 ਵਜੇ ਰਵਾਨਾ ਹੋਵੇਗੀ ਅਤੇ 6.30 ਵਜੇ ਮੁੰਬਈ ਪਹੁੰਚੇਗੀ। ਇਹ ਸਮਾਂ ਰੋਜ਼ਾਨਾ ਇੱਕੋ ਜਿਹਾ ਰਹੇਗਾ। ਇਸ ਸੇਵਾ ਨਾਲ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਸੰਗਤ ਨੂੰ, ਧਾਰਮਿਕ ਅਤੇ ਵਪਾਰਕ ਯਾਤਰਾਵਾਂ ਵਿੱਚ ਵੱਡੀ ਸਹੂਲਤ ਮਿਲੇਗੀ।
ਜਲੰਧਰ ਦੇ ਲੋਕਾਂ ਨੂੰ ਉਡਾਣ ਦਾ ਲਾਭ ਹੋਵੇਗਾ
ਇਹ ਉਡਾਣ ਨਾ ਸਿਰਫ਼ ਇਸ ਖੇਤਰ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਵੇਗੀ ਬਲਕਿ ਦੋਆਬੇ ਦੇ ਵਪਾਰੀਆਂ ਅਤੇ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵੀ ਲਾਭਦਾਇਕ ਸਾਬਤ ਹੋਵੇਗੀ। ਇੰਡੀਗੋ ਵੱਲੋਂ ਸ਼ੁਰੂ ਕੀਤੀ ਗਈ ਇਸ ਉਡਾਣ ਦਾ ਫਾਇਦਾ ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਹੋਵੇਗਾ।
- PTC NEWS