Jalandhar News : ਵਿਧਾਇਕ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮਖੀਜਾ ਨੂੰ ਵੀ ਅਦਾਲਤ ਨੇ ਚਾਰ ਦਿਨਾਂ ਦੇ ਵਿਜਲੈਂਸ ਰਿਮਾਂਡ 'ਤੇ ਭੇਜਿਆ
Jalandhar News : ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ‘ਆਪ’ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਕਰੀਬੀ ਕਮਿਸ਼ਨ ਏਜੰਟ ਮਹੇਸ਼ ਮਖੀਜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਦੇਰ ਰਾਤ ਜਲੰਧਰ ਦੀ ਅਦਾਲਤ 'ਚ ਪੇਸ਼ ਕੀਤਾ ਸੀ। ਜਿੱਥੇ ਅਦਾਲਤ ਨੇ ਮਹੇਸ਼ ਮਖੀਜਾ ਨੂੰ ਚਾਰ ਦਿਨ ਦੇ ਵਿਜਲੈਂਸ ਰਿਮਾਂਡ 'ਤੇ ਭੇਜਿਆ ਹੈ। ਵਿਜੀਲੈਂਸ ਨੇ ਮਹੇਸ਼ ਮਖੀਜਾ ਨੂੰ ਸ਼ੁੱਕਰਵਾਰ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਸੂਤਰਾਂ ਮੁਤਾਬਿਕ ਮਹੇਸ਼ ਮਖੀਜਾ ਦੀ ਗ੍ਰਿਫਤਾਰੀ ਦੇ ਨਾਲ ਵਿਜਲੈਂਸ ਨੂੰ ਲੱਖਾਂ ਰੁਪਏ ਦਾ ਕੈਸ਼ ਵੀ ਬਰਾਮਦ ਹੋਇਆ ਹੈ ਅਤੇ ਕਈ ਅਹਿਮ ਦਸਤਾਵੇਜ ਵੀ ਬਰਾਮਦ ਹੋਏ ਹਨ। ਵਿਜਲੈਂਸ ਵੱਲੋਂ ਕੋਰਟ ਸਾਹਮਣੇ ਇਹ ਗੱਲ ਰੱਖੀ ਗਈ ਕਿ ਮਹੇਸ਼ ਮਖੀਜਾ ਇਸ ਮਾਮਲੇ ਦੇ ਵਿੱਚ ਅਹਿਮ ਕੜੀ ਹਨ, ਇਹਨਾਂ ਕੋਲੋਂ ਪੁੱਛਗਿੱਛ ਕਰਨੀ ਹੈ। ਵਿਜਲੈਂਸ ਇਸ ਕੇਸ ਦੇ ਵਿੱਚ ਮੰਨ ਕੇ ਚੱਲ ਰਹੀ ਹੈ ਕਿ ਮਹੇਸ਼ ਮਖੀਜਾ ਦੇ ਜਰੀਏ ਕਈ ਪ੍ਰੋਪਰਟੀਆਂ ਦਾ ਲੈਣ- ਦੇਣ ਵੀ ਹੋਇਆ ਅਤੇ ਰਮਨ ਅਰੋੜਾ ਦੇ ਕਈ ਕੱਚੇ ਚਿੱਠੇ ਮਹੇਸ਼ ਮਖੀਜਾ ਨੂੰ ਪਤਾ ਹਨ।
ਜਾਣਕਾਰੀ ਮੁਤਾਬਕ ਮਹੇਸ਼ ਮਖੀਜਾ , ਰਮਨ ਅਰੋੜਾ ਦਾ ਬੇਹਦ ਵਿਸ਼ਵਾਸਪਾਤਰ ਤੇ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਕਈ ਪ੍ਰਾਪਰਟੀ ਸੌਦਿਆਂ ਵਿਚ ਇਹਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦੇ ਕਹਿਣ ਤੇ ਮਖੀਜਾ ਨੇ ਕਈ ਥਾਵਾਂ ਤੇ ਸੰਪਤੀਆਂ ਦੇ ਲੈਣ-ਦੇਣ ਨੂੰ ਅੰਜਾਮ ਦਿੱਤਾ। ਕਈ ਸੌਦੇ ਤਾਂ ਇਹੋ-ਜਿਹੇ ਸਨ, ਜਿਨ੍ਹਾਂ ਵਿਚ ਪ੍ਰਾਪਰਟੀ ਮਖੀਜੇ ਦੇ ਨਾਂ ਤੇ ਲਈ ਗਈ ਸੀ।
ਦੂਜੇ ਪਾਸੇ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਨਗਰ ਨਿਗਮ ਦੀ ਇਕ ਮਹਿਲਾ ਇੰਸਪੈਕਟਰ ਨੂੰ ਵੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਮਹਿਲਾ ਇੰਸਪੈਕਟਰ ’ਤੇ ਸ਼ਹਿਰ ਦੀ ਇਕ ਪ੍ਰਸਿੱਧ ਬੇਕਰੀ ਦੇ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਕਹਿਣ ’ਤੇ ਲੈਣ ਦਾ ਆਰੋਪ ਹੈ। ਬੇਕਰੀ ਦੇ ਮਾਲਕ ਨੂੰ ਵਿਧਾਇਕ ਰਮਨ ਅਰੋੜਾ ਵੱਲੋਂ ਏ.ਟੀ.ਪੀ. ਸੁਖਦੇਵ ਵਸ਼ਿੱਸ਼ਟ ਜ਼ਰੀਏ ਨੋਟਿਸ ਭੇਜਿਆ ਗਿਆ ਸੀ। ਉਕਤ ਨੋਟਿਸ ਜ਼ਰੀਏ ਵਿਧਾਇਕ ਰਮਨ ਅਰੋੜਾ ਵੱਲੋਂ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਗਿਆ। ਇਸ ਦੇ ਬਾਅਦ ਵਿਧਾਇਕ ਰਮਨ ਅਰੋੜਾ ਵੱਲੋਂ 3 ਲੱਖ ਰੁਪਏ ਵਿਚ ਸੈਟਲਮੈਂਟ ਕੀਤੀ ਗਈ ਸੀ ਅਤੇ ਬਾਅਦ ਵਿਚ ਬੇਕਰੀ ਦੇ ਮਾਲਕ ਨੇ ਵਿਧਾਇਕ ਦੇ ਕਹਿਣ ’ਤੇ ਹੀ 3 ਲੱਖ ਰੁਪਏ ਮਹਿਲਾ ਇੰਸਪੈਕਟਰ ਨੂੰ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਚਾਰ ਗਿਫਤਾਰੀਆਂ ਹੋ ਚੁੱਕੀਆਂ ਹਨ। ਨਗਰ ਨਿਗਮ ਤੋਂ ਅਸਿਸਟੈਂਟ ਟਾਊਨ ਪਲੈਨਰ ਸੁਖਦੇਵ ਵਸ਼ਿਸ਼ਟ ਜੋ ਕਿ ਇਸ ਵੇਲੇ ਕਪੂਰਥਲਾ ਜੇਲ੍ਹ ਦੇ ਵਿੱਚ ਹਨ। ਨਗਰ ਨਿਗਮ ਤੋਂ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਇਸ ਵਕਤ ਵਿਜਲੈਂਸ ਬਿਊਰੋ ਦੀ ਰਿਮਾਂਡ ਹੇਠ ਹਨ। ਰਮਣ ਅਰੋੜਾ ਜੋ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਹਨ ,ਉਹ ਇਸ ਵੇਲੇ ਚਾਰ ਦਿਨ ਦੇ ਰਿਮਾਂਡ 'ਤੇ ਹਨ। ਮਹੇਸ਼ ਮਖੀਜਾ ਨੂੰ ਕੋਰਟ ਵੱਲੋਂ ਵਿਜਲੈਂਸ ਬਿਊਰੋ ਦੇ ਕੋਲ ਚਾਰ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ।
- PTC NEWS