Jaswinder Bhalla Death : ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ,ਬਿਮਾਰੀ ਕਾਰਨ ਹਸਪਤਾਲ 'ਚ ਕਰਵਾਇਆ ਸੀ ਭਰਤੀ
Jaswinder Bhalla Death : ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ। ਪਤਾ ਲੱਗਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਬੇਹੱਦ ਬੀਮਾਰ ਸਨ, ਜਿਸ ਕਾਰਨ ਉਹਨਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਾਲਾਤ ਖ਼ਰਾਬ ਹੋਣ ਕਾਰਨ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 65 ਸਾਲ ਦੀ ਉਮਰ ‘ਚ ਆਖਿਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੋਹਾਲੀ ਵਿੱਚ ਕੀਤਾ ਜਾਵੇਗਾ।
ਇੱਕ ਮਹੀਨੇ ਤੋਂ ਸਨ ਬਿਮਾਰ
ਜਸਵਿੰਦਰ ਭੱਲਾ ਦੇ ਕਰੀਬੀ ਦੋਸਤ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਕਿ ਇਸ ਘਾਟੇ ਦੀ ਕਦੇ ਵੀ ਭਰਪਾਈ ਨਹੀਂ ਹੋ ਸਕਦੀ। ਅਸੀਂ ਚਾਲੀ ਸਾਲਾਂ ਤੋਂ ਇਕੱਠੇ ਸੀ। ਉਨ੍ਹਾਂ ਨੇ ਮੈਨੂੰ ਭਰਾ ਦਾ ਦਰਜਾ ਦਿੱਤਾ। ਉਨ੍ਹਾਂ ਨੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਦੋ ਵੱਖ-ਵੱਖ ਮਾਵਾਂ ਤੋਂ ਪੈਦਾ ਹੋਏ ਹਾਂ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਿਤਾਮਾ ਸਨ। ਉਹ ਲਗਭਗ ਇੱਕ ਮਹੀਨੇ ਤੋਂ ਬਿਮਾਰ ਸਨ।
ਜਸਵਿੰਦਰ ਭੱਲਾ ਦਾ ਜਨਮ
ਜਸਵਿੰਦਰ ਭੱਲਾ ਦਾ ਜਨਮ 4 ਮਈ, 1960 ਨੂੰ ਦੋਰਾਹਾ ਲੁਧਿਆਣਾ ਵਿੱਚ ਹੋਇਆ ਸੀ। ਉਹ ਇੱਕ ਪ੍ਰੋਫੈਸਰ ਵੀ ਸਨ। ਉਨ੍ਹਾਂ ਨੇ 1988 ਵਿੱਚ "ਛਣਕਟਾ 88" ਨਾਲ ਇੱਕ ਕਾਮੇਡੀਅਨ ਵਜੋਂ ਆਪਣਾ ਪੇਸ਼ੇਵਰ ਕਰੀਅਰ ਸ਼ੁਰੂ ਕੀਤਾ ਅਤੇ ਫਿਲਮ "ਦੁੱਲਾ ਭੱਟੀ" ਨਾਲ ਇੱਕ ਅਦਾਕਾਰ ਬਣੇ। ਉਹ ਆਪਣੀ ਕਾਮੇਡੀ ਲੜੀ "ਛਣਕਟਾ" ਅਤੇ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਅੱਜ ਕੋਈ ਵੀ ਪੰਜਾਬੀ ਫਿਲਮ ਅਜਿਹੀ ਨਹੀਂ ਹੈ, ਜਿਸ ਵਿੱਚ ਉਹ ਨਜ਼ਰ ਨਾ ਆਏ ਹੋਣ।
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ
ਕਮੇਡੀ ਕਲਾਕਾਰ ਜਸਵਿੰਦਰ ਭੱਲਾ ਜੀ ਦੇ ਦੇਹਾਂਤ ਦੀ ਖ਼ਬਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ। ਇਸ ਮੌਕੇ ਪੰਜਾਬੀ ਗਾਇਕ ਨਛੱਤਰ ਗਿੱਲ, ਮੰਗੀ ਮਾਹਲ ,ਗੁਰਵਿੰਦਰ ਕੈਂਡੋਵਾਲ, ਗੁਰਲੇਜ ਅਖਤਰ ਗੁਰਵਿੰਦਰ ਕੈਲੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬੀਤੇ ਕੁ ਦਿਨ ਪਹਿਲਾਂ ਹੀ ਮੰਗੀ ਮਾਹਲ ਦੇ ਨਾਲ ਵਿਦੇਸ਼ ਵਿੱਚ ਇੱਕ ਸ਼ੋਅ ਦੇ ਦੌਰਾਨ ਵੀਡੀਓ ਸਾਂਝੀ ਕੀਤੀ ਸੀ।
- PTC NEWS