Sri Amritsar Sahib News : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੇ ਅਕਾਲ ਚਲਾਣੇ ’ਤੇ ਪ੍ਰਗਟਾਇਆ ਦੁੱਖ
Sri Amritsar Sahib News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖ਼ਾਲਸਾ ਪੰਥ ਦੀ ਉੱਘੀ ਸ਼ਖ਼ਸੀਅਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਗਿਆਨੀ ਮੋਹਣ ਸਿੰਘ ਜੀ ਇਸ ਸਮੇਂ ਕੈਨੇਡਾ ਦੇ ਵੈਨਕੁਵਰ ਵਿਖੇ ਆਪਣੇ ਬੱਚਿਆਂ ਕੋਲ ਰਹਿ ਰਹੇ ਸਨ। ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਸਿੱਖੀ ਸਿਧਾਂਤਾਂ ਪ੍ਰਤੀ ਬਹੁਤ ਹੀ ਸੰਜੀਦਾ ਅਤੇ ਦ੍ਰਿੜ੍ਹ ਸ਼ਖ਼ਸੀਅਤ ਸਨ ਜੋ ਆਪਣੇ ਵਿਲੱਖਣ ਸੁਭਾਅ ਕਰਕੇ ਜਾਣੇ ਗਏ ਅਤੇ ਇਨ੍ਹਾਂ ਦਾ ਚਲਾਣਾ ਸਮੁੱਚੇ ਪੰਥ ਲਈ ਵੱਡਾ ਘਾਟਾ ਹੈ।
ਉਨ੍ਹਾਂ ਨੇ ਸੰਗਤ ਨੂੰ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦਿਆਂ ਸਿੱਖੀ ਸਿਧਾਂਤਾਂ ਨਾਲ ਜੋੜਿਆ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਗੁਰੂ ਘਰ ਨੂੰ ਸਮਰਪਿਤ ਹੁੰਦਿਆਂ ਆਪਣੀ ਜਾਇਦਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਕਰ ਦਿੱਤੀ ਸੀ। ਅਜਿਹੇ ਸਮਰਪਣ ਭਾਵ ਵਾਲੇ ਗੁਰਸਿੱਖ ਸਮੁੱਚੇ ਸਿੱਖ ਜਗਤ ਲਈ ਪ੍ਰੇਰਣਾਸਰੋਤ ਹਨ। ਉਨ੍ਹਾਂ ਕਰਤਾ ਪਰੁਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
- PTC NEWS