Sat, Dec 13, 2025
Whatsapp

Sri Amritsar News : ਜਥੇਦਾਰ ਗੜਗੱਜ ਨੇ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਪਿੰਗਲਵਾੜਾ ’ਚ ਹੋਏ ਸਮਾਗਮ ’ਚ ਕੀਤੀ ਸ਼ਮੂਲੀਅਤ

Sri Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਹਾਨ ਸਿੱਖ ਅਤੇ ਵਾਤਾਵਰਣ ਪ੍ਰੇਮੀ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਸੰਗਤ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕਰਦਿਆਂ ਵਾਤਾਵਰਣ ਅਤੇ ਧਰਤੀ ਨੂੰ ਸੰਭਾਲਣ ਦੀ ਗੱਲ ਵੀ ਆਖੀ

Reported by:  PTC News Desk  Edited by:  Shanker Badra -- August 05th 2025 01:36 PM
Sri Amritsar News : ਜਥੇਦਾਰ ਗੜਗੱਜ ਨੇ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਪਿੰਗਲਵਾੜਾ ’ਚ ਹੋਏ ਸਮਾਗਮ ’ਚ ਕੀਤੀ ਸ਼ਮੂਲੀਅਤ

Sri Amritsar News : ਜਥੇਦਾਰ ਗੜਗੱਜ ਨੇ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਪਿੰਗਲਵਾੜਾ ’ਚ ਹੋਏ ਸਮਾਗਮ ’ਚ ਕੀਤੀ ਸ਼ਮੂਲੀਅਤ

Sri Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਹਾਨ ਸਿੱਖ ਅਤੇ ਵਾਤਾਵਰਣ ਪ੍ਰੇਮੀ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਸੰਗਤ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕਰਦਿਆਂ ਵਾਤਾਵਰਣ ਅਤੇ ਧਰਤੀ ਨੂੰ ਸੰਭਾਲਣ ਦੀ ਗੱਲ ਵੀ ਆਖੀ। ਜਥੇਦਾਰ ਗੜਗੱਜ ਨੇ ਕੁਝ ਸਮਾਂ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਗਾਇਨ ਕੀਤਾ ਗਿਆ ਰਸਭਿੰਨਾ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਅਤੇ ਉਪਰੰਤ ਸੰਗਤ ਨੂੰ ਸੰਬੋਧਨ ਕੀਤਾ।

ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਸੱਚੀ ਸੇਵਾ ਭਾਵਨਾ ਨਾਲ ਲੋੜਵੰਦਾਂ, ਦੁਖੀਆਂ ਅਤੇ ਦਰਦਮੰਦਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਉਨ੍ਹਾਂ ਨੂੰ ਆਪਣੇ ਧੀਆਂ ਤੇ ਪੁੱਤਰਾਂ ਵਾਂਗ ਪਾਲ਼ਿਆ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਪੰਥ ਦੀ ਵੱਡੀ ਮਾਣਮੱਤੀ ਸ਼ਖ਼ਸੀਅਤ ਸਨ, ਜਿਨ੍ਹਾਂ ਉੱਤੇ ਸਮੁੱਚੀ ਸਿੱਖ ਕੌਮ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਪੂਰੇ ਜੀਵਨ ਗੁਰਬਾਣੀ ਦੀ ਸਿੱਖਿਆ ਅਨੁਸਾਰ ਸੇਵਾ ਕੀਤੀ। 


ਉਨ੍ਹਾਂ ਕਿਹਾ ਕਿ ਭਗਤ ਜੀ ਆਪਣੇ ਸ਼ੁਰੂਆਤੀ ਜੀਵਨ ਵਿੱਚ ਲੁਧਿਆਣਾ ਸਥਿਤ ਗੁਰਦੁਆਰਾ ਰੇਰੂ ਸਾਹਿਬ ਵਿਖੇ ਗੁਰੂ ਘਰ ਵਿੱਚ ਹੁੰਦੀ ਸੇਵਾ ਦੇਖ ਕੇ ਪ੍ਰਭਾਵਿਤ ਹੋਏ ਅਤੇ ਮਨ ਕਰਕੇ ਸੱਚੇ ਸਿੱਖ ਬਣ ਗਏ ਤੇ ਅੱਗੇ ਚੱਲ ਕੇ ਵੱਡੀਆਂ ਸੇਵਾਵਾਂ ਕੀਤੀਆਂ। ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਜੂਨ 1984 ਵਿੱਚ ਫੌਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕੀਤਾ ਤਾਂ ਭਗਤ ਪੂਰਨ ਸਿੰਘ ਨੇ ਇਸ ਦੇ ਰੋਸ ਵਜੋਂ ਸਰਕਾਰ ਵੱਲੋਂ ਮਿਲਿਆ ਹੋਇਆ ਸਨਮਾਨ ਮੋੜਿਆ, ਜੋ ਉਨ੍ਹਾਂ ਦੇ ਪੰਥਕ ਜਜ਼ਬੇ ਨੂੰ ਦਰਸਾਉਂਦਾ ਹੈ।

 ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿਵੇਂ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਭਗਤ ਪੂਰਨ ਸਿੰਘ ਜੀ ਨੇ ਹਵਾ, ਪਾਣੀ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਕਾਰਜ ਕੀਤੇ, ਅਸੀਂ ਵੀ ਉਸੇ ਤਰ੍ਹਾਂ ਆਪਣੀ ਧਰਤੀ ਅਤੇ ਰੁੱਖਾਂ ਨੂੰ ਸੰਭਾਲਣ ਲਈ ਯਤਨ ਕਰੀਏ। ਉਨ੍ਹਾਂ ਕਿਹਾ ਭਗਤ ਜੀ ਨੇ ਜ਼ਮੀਨ ਦੀ ਗੱਲ ਕੀਤੀ ਅਤੇ ਅੱਜ ਵੀ ਲੋੜ ਹੈ ਕਿ ਅਸੀਂ ਆਪਣੀ ਧਰਤੀ ਨੂੰ ਸੰਭਾਲੀਏ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਸੀਮੰਟ ਦੇ ਜੰਗਲ ਉੱਸਰ ਰਹੇ ਹਨ, ਜੋ ਕਿ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਫੀ-ਸਦ ਵਿੱਚ ਹਨ। ਉਨ੍ਹਾਂ ਕਿਹਾ ਕਿ ਅੱਜ ਜਿਵੇਂ ਜ਼ਮੀਨਾਂ ਖੋਹਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਭਗਤ ਪੂਰਨ ਸਿੰਘ ਜਿਹੀ ਮਹਾਨ ਸ਼ਖ਼ਸੀਅਤ ਚੇਤੇ ਆਉਂਦੀ ਹੈ ਜਿਨ੍ਹਾਂ ਨੇ ਉਦੋਂ ਵੀ ਇਸ ਧਰਤੀ ਤੇ ਵਾਤਾਵਰਣ ਨੂੰ ਸੰਭਾਲਣ ਦੀ ਗੱਲ ਕੀਤੀ ਸੀ।

ਜਥੇਦਾਰ ਗੜਗੱਜ ਨੇ ਸਨੇਹਾ ਦਿੱਤਾ ਕਿ ਪਿੰਗਲਵਾੜਾ ਕੌਮ ਦੀ ਵਿਰਾਸਤ ਹੈ ਅਤ ਇਸ ਸੰਸਥਾ ਦਾ ਵੱਧ ਤੋਂ ਵੱਧ ਸਹਿਯੋਗ ਕਰੀਏ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਰੁੱਖ ਲਾਈਏ, ਰੁੱਖ ਸੰਭਾਲੀਏ ਅਤੇ ਰੁੱਖਾਂ ਦੀ ਕਦਰ ਕਰੀਏ। ਉਨ੍ਹਾਂ ਕਿਹਾ ਕਿ ਜਲ ਜੀਵਨ ਲਈ ਬਹੁਤ ਹੀ ਅਹਿਮ ਹੈ ਇਸ ਨੂੰ ਖਰਾਬ ਨਾ ਕਰੀਏ। ਉਨ੍ਹਾਂ ਕਿਹਾ ਕਿ ਅੱਜ ਦਾ ਅਹਿਮ ਮਾਮਲਾ ਆਪਣੀ ਜ਼ਮੀਨ ਨੂੰ ਸੰਭਾਲਣਾ ਹੈ, ਜੇਕਰ ਜ਼ਮੀਨ ਹੈ ਤਾਂ ਅਸੀਂ ਹਾਂ ਅਤੇ ਜੇਕਰ ਇਹ ਨਾ ਰਹੀਆਂ ਤਾਂ ਅਸੀਂ ਗੁਲਾਮੀ ਕਰਾਂਗੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੈ, ਅਸੀਂ ਇਨ੍ਹਾਂ ਜ਼ਮੀਨਾਂ ਨੂੰ ਸੰਭਾਲੀਏ ਅਤੇ ਛੋਟੇ-ਛੋਟੇ ਲਾਲਚਾਂ ਪਿੱਛੇ ਜ਼ਮੀਨਾਂ ਨਾ ਵੇਚੀਏ।

- PTC NEWS

Top News view more...

Latest News view more...

PTC NETWORK
PTC NETWORK