Kartarpur Corridor - ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਲਦ ਖੋਲ੍ਹਿਆ ਜਾਵੇ - ਜਥੇਦਾਰ ਕੁਲਦੀਪ ਸਿੰਘ ਗੜਗਜ
Kartarpur Corridor - ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ (Jathedar Kuldeep Singh Gargaj) ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਆਖਿਆ ਹੈ ਕਿ ਹੁਣ ਜਦੋਂ ਦੋਵੇਂ ਦੇਸ਼ਾਂ ਵਿਚਕਾਰ ਮਾਹੌਲ ਸੁਖਾਵਾਂ ਹੋ ਰਿਹਾ ਹੈ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਰੋਜ਼ਾਨਾ ਹੀ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਅਰਦਾਸ ਕਰਦੇ ਹਨ, ਲਿਹਾਜ਼ਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਰੱਖਣਾ ਵਾਜਿਬ ਨਹੀਂ ਹੈ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੋਵੇਂ ਦੇਸ਼ਾਂ ਵਿਚਕਾਰ ਮਾਹੌਲ ਹੋਰ ਵੀ ਸ਼ਾਂਤਮਈ ਤੇ ਸੁਖਾਵਾਂ ਹੋਵੇਗਾ ਤੇ ਇੱਕ ਦੂਸਰੇ ਨਾਲ ਆਪਸੀ ਸਾਂਝ ਵਧੇਗੀ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਲਾਂਘਾ ਖੁੱਲ੍ਹਿਆ ਹੈ ਉਦੋਂ ਤੋਂ ਹੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ। ਇਸ ਲਈ ਲਾਂਘੇ ਨੂੰ ਜਲਦ ਹੀ ਖੋਲ੍ਹ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈ।
ਜਥੇਦਾਰ ਗੜਗਜ ਨੇ ਕਿਹਾ ਕਿ ਇਸ ਸਮੇਂ ਦੋਵੇਂ ਦੇਸ਼ਾਂ ਤੇ ਇਸ ਖਿੱਤੇ ਨੂੰ ਸ਼ਾਂਤੀ, ਤਰੱਕੀ, ਆਪਸੀ ਪਿਆਰ ਤੇ ਸਾਂਝ ਦੀ ਵੱਡੀ ਲੋੜ ਹੈ ਨਾ ਕਿ ਤਣਾਅ ਤੇ ਜੰਗ ਦੀ। ਉਨ੍ਹਾਂ ਦੇਸ਼ ਅਤੇ ਵਿਦੇਸ਼ ਦੇ ਉਨ੍ਹਾਂ ਆਗੂਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਬਣ ਰਹੇ ਜੰਗ ਵਾਲੇ ਹਾਲਾਤ ਨੂੰ ਸ਼ਾਂਤ ਕਰਨ ਵਿੱਚ ਸੁਹਿਰਦ ਤੇ ਸੂਝਵਾਨ ਭੂਮਿਕਾ ਨਿਭਾਈ ਹੈ।
- PTC NEWS