Sri Anandpur Sahib News : ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਬਣੇ ਜੰਗ ਵਰਗੇ ਹਾਲਾਤਾਂ ਦੇ ਖਾਤਮੇ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਚਰਨਾਂ 'ਚ ਕੀਤੀ ਅਰਦਾਸ
Anandpur Sahib News : ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਦੱਖਣੀ ਏਸ਼ੀਆ ਖਿੱਤੇ 'ਚ ਬਣੇ ਜੰਗ ਵਰਗੇ ਹਾਲਾਤਾਂ ਦੇ ਖਾਤਮੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ। ਉਹਨਾਂ ਅਰਦਾਸ ਵਿੱਚ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਮਾਤਮਾ ਇਸ ਖਿੱਤੇ ਵਿੱਚ ਆਪਸੀ ਪਿਆਰ ਤੇ ਇਤਫਾਕ ਬਖਸ਼ੇ ਅਤੇ ਹਾਲਾਤ ਠੀਕ ਹੋਣ।
ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਅੱਜ ਸਵੇਰੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਠਾਨਕੋਟ ਵਿੱਚ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਉਸੇ ਸਮੇਂ ਅੰਮ੍ਰਿਤਸਰ ਵਿੱਚ ਸਵੇਰੇ 5 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ। ਪ੍ਰਸ਼ਾਸਨ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਖਿੜਕੀਆਂ ਤੋਂ ਦੂਰ ਰਹੋ। ਸਾਰੀਆਂ ਲਾਈਟਾਂ ਬੰਦ ਰੱਖੋ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਛੇਹਰਟਾ ਤੇ ਖਾਸਾ ਵਿਖੇ ਧਮਾਕਿਆਂ ਦੀ ਆਵਾਜ ਸਵੇਰੇ 5.01 ਅਤੇ ਖਾਸਾ ਵਿਖੇ 5.07 ਵਜੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਆਰਮੀ ਸਟੇਸ਼ਨ ਅਤੇ ਬੀਐਸਐਫ਼ ਹੈਡ ਕੁਆਰਟਰ ਖਾਸਾ ਵਿਖੇ ਹੀ ਸਥਿਤ ਹੈ। ਜਿਸ ਤੋਂ ਬਾਅਦ 6 ਵਜੇ ਦੇ ਕਰੀਬ 2 ਵਾਰ ਸਾਇਰਨ ਵਜਾਏ ਗਏ ਹਨ।
ਦਰਅਸਲ 'ਚ ਵੀਰਵਾਰ ਨੂੰ ਪਾਕਿਸਤਾਨ ਨੇ ਪੰਜਾਬ 'ਤੇ ਹਮਲਾ ਕੀਤਾ ਸੀ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖ਼ਬਰਾਂ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ, ਸਰਕਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਦੇ ਇਲਾਵਾ ਜਲੰਧਰ ਵਿੱਚ ਦੋ ਥਾਵਾਂ 'ਤੇ ਡਰੋਨ ਹਮਲੇ ਹੋਏ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਬਠਿੰਡਾ ਵਿੱਚ ਵੀ ਡਰੋਨ ਦੀ ਆਵਾਜਾਈ ਦੇਖੀ ਗਈ ਹੈ।
- PTC NEWS