Justice BR Gavai : ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਬਣੇ ਭਾਰਤ ਦੇ ਨਵੇਂ ਚੀਫ਼ ਜਸਟਿਸ ,ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ
Justice BR Gavai : ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਬੁੱਧਵਾਰ ਨੂੰ ਭਾਰਤ ਦੇ ਮੁੱਖ ਜੱਜ (CJI) ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਹੁੰ ਚੁਕਾਈ। ਸੀਜੇਆਈ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਹੋਰ ਪਤਵੰਤਿਆਂ ਤੋਂ ਵਧਾਈਆਂ ਸਵੀਕਾਰ ਕੀਤੀਆਂ।
ਜਸਟਿਸ ਗਵਈ ਨੇ ਜਸਟਿਸ ਸੰਜੀਵ ਖੰਨਾ ਦੀ ਥਾਂ ਲਈ, ਜੋ ਕੱਲ੍ਹ ਸੇਵਾਮੁਕਤ ਹੋ ਗਏ ਸਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੀ 30 ਤਰੀਕ ਨੂੰ ਕਾਨੂੰਨ ਮੰਤਰਾਲੇ ਨੇ ਜਸਟਿਸ ਗਵਈ ਨੂੰ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। 16 ਅਪ੍ਰੈਲ ਨੂੰ ਸੀਜੇਆਈ ਸੰਜੀਵ ਖੰਨਾ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ।
ਦੇਸ਼ ਦੇ 52ਵੇਂ ਮੁੱਖ ਜੱਜ ਬਣੇ ਜਸਟਿਸ ਗਵਈ
ਪਰੰਪਰਾ ਦੇ ਅਨੁਸਾਰ ਮੌਜੂਦਾ ਸੀਜੇਆਈ ਸਭ ਤੋਂ ਸੀਨੀਅਰ ਜੱਜ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸਿਫ਼ਾਰਸ਼ ਕਰਦੇ ਹਨ। ਜਸਟਿਸ ਗਵਈ ਸੀਨੀਅਰਤਾ ਦੇ ਕ੍ਰਮ ਵਿੱਚ ਸਭ ਤੋਂ ਉਪਰ ਸਨ, ਜਿਸ ਕਾਰਨ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਗਈ ਸੀ। ਕਾਨੂੰਨ ਮੰਤਰਾਲੇ ਨੇ ਸੀਜੇਆਈ ਜਸਟਿਸ ਖੰਨਾ ਨੂੰ ਆਪਣੇ ਉੱਤਰਾਧਿਕਾਰੀ ਦਾ ਨਾਮ ਦੇਣ ਲਈ ਅਧਿਕਾਰਤ ਅਪੀਲ ਕੀਤੀ ਸੀ।
- PTC NEWS