''ਸਿੱਖਾਂ ਨੂੰ ਬਦਨਾਮ ਕਰ ਰਹੀ Kangana Ranaut ਦੀ Emergency'' ਹਰਸਿਮਰਤ ਕੌਰ ਬਾਦਲ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੀਤੀ ਵੱਡੀ ਮੰਗ
Harsimrat Kaur Badal on Emergency Movie : ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜਦੋਂ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਫਿਲਮ ਦਾ ਵਿਰੋਧ ਕੀਤਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਇਸ ਦੀ ਸਮੀਖਿਆ ਕਰਨ ਲਈ ਕਿਹਾ ਹੈ। ਫਿਲਮ ਦੇ ਟ੍ਰੇਲਰ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਸਿੱਖ ਕੌਮ ਨੂੰ ਬਦਨਾਮ ਨਾ ਕੀਤਾ ਜਾਵੇ।
ਕੰਗਨਾ ਰਣੌਤ ਦੀ ਨਵੀਂ ਫਿਲਮ 'ਐਮਰਜੈਂਸੀ' ਅਗਲੇ ਮਹੀਨੇ 6 ਸਤੰਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਨੂੰ ਲੈ ਕੇ ਪੰਜਾਬ 'ਚ ਵਿਵਾਦ ਸ਼ੁਰੂ ਹੋ ਗਿਆ ਹੈ।
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਤੋਂ ਬਾਅਦ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ ਹੈ।
ਗਲਤ ਚਿੱਤਰਣ ਦੇ ਬਾਵਜੂਦ ਮਨਜ਼ੂਰੀ ਕਿਵੇਂ ਦਿੱਤੀ ਗਈ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਫਿਲਮ 'ਤੇ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਉਸਨੇ ਫਿਲਮ ਸੈਂਸਰਸ਼ਿਪ ਵਿੱਚ ਦੋਹਰੇ ਮਾਪਦੰਡਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਫਿਲਮ 'ਪੰਜਾਬ '95' ਦੀ ਰਿਲੀਜ਼ ਨੂੰ 85 ਕੱਟਾਂ ਦੇ ਬਾਵਜੂਦ ਮਨਜ਼ੂਰੀ ਨਹੀਂ ਦਿੱਤੀ ਗਈ, ਜਦੋਂ ਕਿ 'ਐਮਰਜੈਂਸੀ' ਨੂੰ ਕਥਿਤ ਤੌਰ 'ਤੇ ਗਲਤ ਬਿਆਨੀ ਦੇ ਬਾਵਜੂਦ ਤੁਰੰਤ ਮਨਜ਼ੂਰੀ ਦਿੱਤੀ ਗਈ।
ਐਮਰਜੈਂਸੀ ਦੌਰਾਨ ਸੰਘਰਸ਼ ਕੀਤਾ
ਕੰਗਨਾ ਰਣੌਤ ਨੇ 'ਐਮਰਜੈਂਸੀ' ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਟਰੇਲਰ 'ਚ ਇਕ ਸਿੱਖ ਕਿਰਦਾਰ ਵਿਵਾਦਤ ਡਾਇਲਾਗ ਬੋਲ ਰਿਹਾ ਹੈ, ਜਿਸ ਕਾਰਨ ਪੰਜਾਬ 'ਚ ਵਿਰੋਧ ਹੋ ਰਿਹਾ ਹੈ। ਹਰਸਿਮਰਤ ਨੇ ਫਿਲਮ 'ਚ ਸਿੱਖਾਂ ਦੀ ਭੂਮਿਕਾ 'ਤੇ ਵੀ ਬਿਆਨ ਦਿੱਤਾ ਹੈ।
ਅੰਮ੍ਰਿਤਸਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, 'ਮੈਂ ਫਿਲਮ ਨਹੀਂ ਦੇਖੀ ਪਰ ਐਮਰਜੈਂਸੀ ਦੌਰਾਨ ਸਭ ਤੋਂ ਵੱਡਾ ਸੰਘਰਸ਼ ਜੇਕਰ ਕਿਸੇ ਪਾਰਟੀ ਨੇ ਕੀਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਸੀ। ਉਨ੍ਹਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਇਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਹਿਲੇ ਵਿਅਕਤੀ ਸਨ ਅਤੇ ਹੋਰਨਾਂ ਸਮੇਤ ਗ੍ਰਿਫਤਾਰ ਕੀਤੇ ਗਏ ਸਨ।
- PTC NEWS