Kapurthala News : ਕਪੂਰਥਲਾ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਗੋਲੀਆਂ ਲੱਗਣ ਨਾਲ 2 ਬਦਮਾਸ਼ ਜ਼ਖਮੀ ; 2 ਪਿਸਤੌਲ ਬਰਾਮਦ
Kapurthala News : ਕਪੂਰਥਲਾ ਪੁਲਿਸ ਨੇ ਢਿਲਵਾਂ ਇਲਾਕੇ ਵਿੱਚ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸੁਲਤਾਨਪੁਰ ਦੇ ਪਿੰਡ ਲਟੀਆਵਾਲ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਭੱਜ ਰਹੇ ਸਨ। ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੂੰ ਢਿਲਵਾਂ ਰੇਲਵੇ ਲਾਈਨ ਨੇੜੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 2 ਰਿਵਾਲਵਰ ,ਤਿੰਨ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਲਤਾਨਪੁਰ ਦੇ ਪਿੰਡ ਲਟੀਆਵਾਲ ਦੇ 2 ਬਦਮਾਸ਼ ਹੁਕਮ ਸਿੰਘ ਅਤੇ ਜੋਗਾ ਸਿੰਘ ਢਿਲਵਾਂ ਇਲਾਕੇ ਵਿੱਚ ਕੋਈ ਅਪਰਾਧ ਕਰਨ ਦੇ ਇਰਾਦੇ ਨਾਲ ਘੁੰਮ ਰਹੇ ਹਨ। ਦੋਵੇਂ ਆਪਸ 'ਚ ਸਕੇ ਭਰਾ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਢਿਲਵਾਂ ਮੰਡੀ ਵਿਖੇ ਨਾਕਾਬੰਦੀ ਕੀਤੀ। ਜਦੋਂ ਪੁਲਿਸ ਨੇ ਦੋ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕਰ ਦਿੱਤੀ।
ਜਵਾਬੀ ਕਾਰਵਾਈ ਵਿੱਚ ਦੋਵੇਂ ਬਦਮਾਸ਼ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ, ਤਿੰਨ ਕਾਰਤੂਸ ਅਤੇ ਇੱਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਇਸ ਵੇਲੇ ਦੋਵੇਂ ਜ਼ਖਮੀ ਬਦਮਾਸ਼ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- PTC NEWS