Kargil Vijay Diwas 2024 : ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ ਸੂਬੇਦਾਰ ਤਰਲੋਕ ਸਿੰਘ, ਅੱਜ ਵੀ ਯਾਦ ਕਰਕੇ ਭਾਵੁਕ ਹੋ ਜਾਂਦੈ ਪਰਿਵਾਰ
Kargil Vijay Diwas 2024 : ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1999 ਵਿੱਚ ਅੱਜ ਦੇ ਦਿਨ ਭਾਰਤੀ ਫੌਜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ। ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜੀਆਂ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਨੂੰ ਭਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ। ਭਾਰਤੀ ਫੌਜ (Indian Army) ਦੀ ਇਸ ਜਿੱਤ ਨੂੰ ‘ਆਪ੍ਰੇਸ਼ਨ ਵਿਜੇ’ ਦਾ ਨਾਂ ਦਿੱਤਾ ਗਿਆ।
ਅੰਮ੍ਰਿਤਸਰ ਦੇ ਪਿੰਡ ਰਾਣੇਵਾਲੀ ਦੇ ਰਹਿਣ ਵਾਲੇ ਸੂਬੇਦਾਰ ਤਰਲੋਕ ਸਿੰਘ ਕਾਰਗਿਲ ਦੀ ਜੰਗ ਦੌਰਾਨ ਪਾਕਿਸਤਾਨ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ 21-8-1999 ਨੂੰ ਦੇਸ਼ ਲਈ ਸ਼ਹੀਦ ਹੋ ਗਏ ਸੀ, ਜਿਨ੍ਹਾਂ ਨੇ ਮੂਹਰੇ ਹੋ ਕੇ ਕਾਰਗਿਲ ਦੀ ਜੰਗ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਪਾਕਿਸਤਾਨੀਆਂ ਦੁਸ਼ਮਣਾਂ ਦੇ ਛੱਕੇ ਛੁਡਾਏ। ਉਨ੍ਹਾਂ ਨੂੰ ਨੂੰ ਅੱਜ ਕਾਰਗਿਲ ਵਿਜੇ ਦਿਵਸ 'ਤੇ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰਕ ਮੈਂਬਰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ, ਨਾਲ ਹੀ ਮਾਣ ਵੀ ਮਹਿਸੂਸ ਕਰਦੇ ਹਨ। ਹਰਪਾਲ ਸਿੰਘ ਜਦੋਂ ਵੀ ਆਪਣੇ ਪਰਿਵਾਰ ਅਤੇ ਬੇਟੇ ਨਾਲ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਬਣੇ ਗੇਟ ਦੇ ਮੂਹਰੇ ਤੋਂ ਲੰਘਦੇ ਹਨ ਤਾਂ ਸਿਰ ਝੁਕਾ ਕੇ ਲੰਘਦੇ ਹਨ।
ਸੂਬੇਦਾਰ ਤਰਲੋਕ ਸਿੰਘ ਦੇ ਬੇਟਾ ਹਰਪਾਲ ਸਿੰਘ, ਜੋ ਕਿ ਇਸ ਸਮੇਂ ਸਰਕਾਰੀ ਨੌਕਰੀ ਕਰ ਰਿਹਾ ਹੈ, ਉਸ ਸਮੇਂ ਜਦੋਂ ਉਸ ਦੇ ਪਿਤਾ ਸੂਬੇਦਾਰ ਤਰਲੋਕ ਸਿੰਘ ਸਿੰਘ ਸ਼ਹੀਦ ਹੋਏ ਸੀ ਤਾਂ ਹਰਪਾਲ ਸਿੰਘ ਦੀ ਉਮਰ ਕਰੀਬ 16 ਸਾਲ ਸੀ, ਜਦੋਂ ਪਿਤਾ ਦੀ ਸ਼ਹੀਦੀ ਸਬੰਧੀ ਖਬਰ ਘਰ ਆਈ ਤਾਂ ਮਾਹੌਲ ਕਾਫੀ ਗਮ ਵਾਲਾ ਹੋ ਗਿਆ ਸੀ ਪਰ ਪਰਿਵਾਰ ਨੂੰ ਮਾਣ ਵੀ ਸੀ ਕਿ ਸੂਬੇਦਾਰ ਤਰਲੋਕ ਸਿੰਘ ਦੇਸ਼ ਲਈ ਸ਼ਹੀਦ ਹੋਏ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਸੂਬੇਦਾਰ ਤਰਲੋਕ ਸਿੰਘ ਦੇ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 16 ਸਾਲ ਸੀ ਜਦੋਂ ਉਨ੍ਹਾਂ ਦੇ ਪਿਤਾ ਸ਼ਹੀਦ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਉਹਨਾ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੇ ਪਿਤਾ ਦੇਸ਼ ਲਈ ਸ਼ਹੀਦ ਹੋਏ ਹਨ ਪਰ ਕਮੀ ਵੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ, ਉਸ ਸਮੇਂ ਥਾਣੇ ਤੋਂ ਸ਼ਹੀਦ ਹੋਣ ਦੀ ਸੂਚਨਾ ਘਰ ਆਈ ਸੀ।
ਹਰਪਾਲ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਅਤੇ ਕਹਿੰਦੇ ਸੀ ਕਿ ਤੈਨੂੰ ਵੀ ਆਰਮੀ 'ਚ ਹੀ ਲੈ ਕੇ ਜਾਣਾ ਹੈ ਅਤੇ ਉਹ ਜਦੋਂ ਆਖਰੀ ਵਾਰ ਮਿਲ ਕੇ ਗਏ ਸੀ ਉਸ ਸਮੇਂ ਪਤਾ ਨਹੀਂ ਸੀ ਕਿ ਉਨ੍ਹਾ ਵਾਪਸ ਆਉਣ ਹੈ ਜਾਂ ਨਹੀਂ।
ਇਸ ਮੌਕੇ ਅਮਨਦੀਪ ਕੌਰ ਨੇ ਕਿਹਾ ਕਿ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਇਸ ਪਰਿਵਾਰ ਦਾ ਹਿੱਸਾ ਹੈ, ਜਿਸ ਪਰਿਵਾਰ ਨੇ ਦੇਸ਼ ਲਈ ਸ਼ਹੀਦੀ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਸਹੁਰਾ ਸਾਹਿਬ ਨੂੰ ਮਿਲ ਤਾਂ ਨਹੀਂ ਸਕੀ ਪਰ ਜੋ ਆਪਣੀ ਮਾਤਾ ਜੀ ਅਤੇ ਆਪਣੇ ਪਤੀ ਕੋਲੋਂ ਸੁਣਿਆ ਹੈ ਕਿ ਉਹ ਬਹੁਤ ਪਿਆਰ ਕਰਨ ਵਾਲੇ ਇਨਸਾਨ ਸੀ, ਅੱਜ ਜਦੋਂ ਵੀ ਅਸੀਂ ਪਿੰਡ ਵਿੱਚ ਗਣੇ ਗੇਟ ਦੇ ਮੂਹਰੇ ਤੋਂ ਲੰਘਦੇ ਹਾਂ ਤਾਂ ਸਿਰ ਝੁਕਾ ਕੇ ਲੰਘਦੇ ਹਾਂ।
- PTC NEWS