Khanna News : ਖੰਨਾ ਪੁਲਿਸ ਨੇ ਪ੍ਰਵਾਸੀ ਪਰਿਵਾਰ ਦੇ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਕੀਤਾ ਬਰਾਮਦ , 6 ਆਰੋਪੀ ਗ੍ਰਿਫ਼ਤਾਰ
Khanna News : ਐਸ.ਐਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਮਾਛੀਵਾੜਾ ਸਾਹਿਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਕੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ 18 ਸਤੰਬਰ ਨੂੰ ਸਾਹਮਣੇ ਆਇਆ, ਜਦੋਂ ਵਿਕਾਸ ਕੁਮਾਰ ਵਾਸੀ ਗੜ੍ਹੀ ਤਰਖਾਣਾ ਨੇ ਰਿਪੋਰਟ ਕੀਤੀ ਕਿ ਉਸਦਾ ਢਾਈ ਸਾਲਾ ਬੇਟਾ ਲਕਸ਼ ਉਰਫ਼ ਲੱਡੂ ਘਰੋਂ ਖੇਡਣ ਨਿਕਲਣ ਤੋਂ ਬਾਅਦ ਵਾਪਸ ਨਾ ਆਇਆ। ਸ਼ਿਕਾਇਤ ‘ਤੇ ਥਾਣਾ ਮਾਛੀਵਾੜਾ ਸਾਹਿਬ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ।
ਸੀ.ਸੀ.ਟੀ.ਵੀ. ਕੈਮਰਿਆਂ ਅਤੇ ਤਫ਼ਤੀਸ਼ ਦੌਰਾਨ ਪੁਲਿਸ ਨੇ ਰਮੇਸ਼ ਕੁਮਾਰ ਅਤੇ ਚੰਦਨ ਸਾਹਨੀ ਨੂੰ ਕਾਬੂ ਕੀਤਾ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹਨਾਂ ਨੇ ਬਬੀਤਾ ਪਤਨੀ ਜੈ ਨਾਥ ਦੇ ਕਹਿਣ ‘ਤੇ ਬੱਚੇ ਨੂੰ ਚੁੱਕਿਆ ਸੀ। ਅੱਗੇ ਦੀ ਜਾਂਚ ‘ਚ ਪਤਾ ਲੱਗਿਆ ਕਿ ਬਬੀਤਾ ਨੇ ਆਪਣੀ ਭੈਣ ਰੀਟਾ ਦੇਵੀ (ਵਾਸੀ ਸਿਰਸਾ) ਅਤੇ ਉਸਦੇ ਪਤੀ ਸੰਤੋਸ਼ ਸਾਹਨੀ ਨੂੰ ਬੱਚਾ ਦੇ ਦਿੱਤਾ ਸੀ। ਇਸ ਯੋਜਨਾ ਦੇ ਪਿੱਛੇ ਕਾਰਨ ਇਹ ਸੀ ਕਿ ਰੀਟਾ ਦੇਵੀ ਦੇ ਕੋਈ ਬੱਚਾ ਨਹੀਂ ਸੀ।
ਪੁਲਿਸ ਜਾਂਚ ਅਨੁਸਾਰ ਗੱਲ 1,29,000 ਰੁਪਏ ‘ਤੇ ਤੈਅ ਹੋਈ ਸੀ। ਬਬੀਤਾ ਵੱਲੋਂ 59 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ, ਜਦਕਿ 70 ਹਜ਼ਾਰ ਬਾਕੀ ਸਨ। ਪੁਲਿਸ ਨੇ ਸਿਰਸਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੱਚੇ ਨੂੰ ਸੁਰੱਖਿਅਤ ਬ੍ਰਾਮਦ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਵਿੱਚ ਰਮੇਸ਼ ਕੁਮਾਰ, ਚੰਦਨ ਸਾਹਨੀ, ਬਬੀਤਾ, ਰੀਟਾ ਦੇਵੀ, ਜੈ ਨਾਥ ਅਤੇ ਸੰਤੋਸ਼ ਸਾਹਨੀ ਸ਼ਾਮਲ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਕੀਤੀ ਜਾਵੇਗੀ।
- PTC NEWS