Hoshiarpur News : 5 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਲੋਕਾਂ ਨੇ ਪ੍ਰਵਾਸੀਆਂ ਖਿਲਾਫ਼ ਖੋਲ੍ਹਿਆ ਮੋਰਚਾ , ਆਰੋਪੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ
Hoshiarpur News : ਹੁਸ਼ਿਆਰਪੁਰ ਦੇ ਨਿਊ ਦੀਪ ਨਗਰ 'ਚ ਬੀਤੇ ਦਿਨੀ ਇੱਕ ਪ੍ਰਵਾਸੀ ਵਿਅਕਤੀ ਨੇ 5 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਹੁਸ਼ਿਆਰਪੁਰ 'ਚ ਆਮ ਲੋਕਾਂ ਵਿੱਚ ਪ੍ਰਵਾਸੀਆਂ ਦੇ ਖਿਲਾਫ ਰੋਸ ਦੇਖਣ ਨੂੰ ਮਿਲਿਆ ਹੈ।
ਅੱਜ ਹੁਸ਼ਿਆਰਪੁਰ ਵਿਖੇ ਕਈ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ SSP ਹੁਸ਼ਿਆਰਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਸਨ ਅੱਗੇ ਮੰਗ ਰੱਖੀ ਹੈ ਕਿ ਆਰੋਪੀ ਦਾ ਸੱਤ ਦਿਨ ਦੇ ਅੰਦਰ ਚਲਾਨ ਪੇਸ਼ ਕੀਤਾ ਜਾਵੇ ਅਤੇ ਤਕਰੀਬਨ 2 ਮਹੀਨੇ ਦੇ ਅੰਦਰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਉਥੇ ਹੀ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਜਲਦੀ ਇੱਕ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉੱਥੇ ਹੀ ਉਹਨਾਂ ਵੱਲੋਂ ਇਹ ਵੀ ਪ੍ਰਸ਼ਾਸਨ ਅੱਗੇ ਮੰਗ ਰੱਖੀ ਗਈ ਕਿ ਜਿਹੜੇ ਪ੍ਰਵਾਸੀ ਲੋਕ ਹੁਸ਼ਿਆਰਪੁਰ 'ਚ ਆ ਕੇ ਰਹਿ ਰਹੇ ਹਨ ,ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ।
ਜਿਸ ਨਾਲ ਪਤਾ ਚੱਲ ਸਕੇ ਕਿ ਇਹ ਲੋਕ ਕਿੱਥੋਂ ਆ ਕੇ ਇਥੇ ਰਹਿ ਰਹੇ ਹਨ। ਇਹਨਾਂ ਦਾ ਪਿਛੋਕੜ ਕੀ ਹੈ ,ਉਥੇ ਹੀ ਉਹਨਾਂ ਵੱਲੋਂ ਪੰਜਾਬੀਆਂ ਅੱਗੇ ਇਹ ਵੀ ਗੱਲ ਰੱਖੀ ਗਈ ਕਿ ਕਿਰਾਏ 'ਤੇ ਮਕਾਨ ਜਾਂ ਦੁਕਾਨ ਦੇਣ ਤੋਂ ਪਹਿਲੇ ਉਹਨਾਂ ਦੀ ਵੈਰੀਫਿਕੇਸ਼ਨ ਲੋਕ ਖੁਦ ਕਰਵਾਉਣ।
ਦੱਸ ਦਈਏ ਕਿ ਅਗਵਾ ਕਰਨ ਮਗਰੋਂ ਬੱਚੇ ਨੂੰ ਜਾਨੋਂ ਮਾਰ ਦਿੱਤਾ ਗਿਆ ,ਜਿਸਦੀ ਲਾਸ਼ ਰਾਏਪੁਰ ਦੇ ਸ਼ਮਸ਼ਾਨ ਘਾਟ ਚੋਂ ਬਰਾਮਦ ਹੋਈ ਹੈ। ਰਿਪੋਰਟਾਂ ਅਨੁਸਾਰ ਬੱਚੇ ਨੂੰ ਸ਼ਾਮ 5-6 ਵਜੇ ਦੇ ਕਰੀਬ ਇਲਾਕੇ ਦੀ ਇੱਕ ਗਲੀ ਤੋਂ ਅਗਵਾ ਕੀਤਾ ਗਿਆ ਸੀ। ਅਗਵਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਨੇ ਅਗਵਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਨਸ਼ੇ ਦਾ ਆਦੀ ਹੈ।
- PTC NEWS