Amritsar : ਕਿਸਾਨ-ਮਜਦੂਰਾਂ ਵੱਲੋਂ ਸਮਾਰਟ ਮੀਟਰਾਂ ਖ਼ਿਲਾਫ਼ ਤਿੱਖਾ ਵਿਰੋਧ, ਪਿੰਡਾਂ 'ਚ ਮੀਟਰ ਪੁੱਟ ਕੇ ਬਿਜਲੀ ਘਰਾਂ ’ਚ ਜਮ੍ਹਾਂ ਕਰਵਾਏ
Farmer Smart Meter Protest : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਅੱਜ ਕੋਟ ਮਿੱਤ ਸਿੰਘ ਸਬ ਡਿਵੀਜ਼ਨ ਗੁਰੂ ਵਾਲੀ ਅਧੀਨ ਪੈਂਦੇ ਪਿੰਡਾਂ ਚਾਟੀਵਿੰਡ, ਭਿੰਡਰ ਕਲੋਨੀ, ਗੁਰੂ ਵਾਲੀ, ਚੱਬਾ ਅਤੇ ਮੰਡਿਆਲਾ ਸਮੇਤ ਕਈ ਇਲਾਕਿਆਂ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲੱਗੇ ਹੋਏ ਸਮਾਰਟ (ਚਿੱਪ ਵਾਲੇ) ਮੀਟਰ ਪੁੱਟ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਵਾਏ।
ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਸਮਾਰਟ ਮੀਟਰ ਬਿਜਲੀ ਬੋਰਡ ਦੇ ਪੂਰੇ ਨਿੱਜੀਕਰਨ ਵੱਲ ਵਧਦਾ ਕਦਮ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਿਜਲੀ ਵਰਗੇ ਅਹਿਮ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ, ਜਿਸ ਦਾ ਸਿੱਧਾ ਨੁਕਸਾਨ ਆਮ ਖਪਤਕਾਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਚਿੱਪ ਵਾਲੇ ਪ੍ਰੀਪੇਡ ਮੀਟਰ ਪੁਰਾਣੇ ਮਕੈਨਿਕਲ ਮੀਟਰਾਂ ਨਾਲੋਂ ਕਈ ਗੁਣਾ ਵੱਧ ਯੂਨਿਟ ਦਿਖਾਉਂਦੇ ਹਨ, ਜਿਸ ਨਾਲ ਬਿੱਲ ਬੇਹੱਦ ਵਧ ਜਾਣਗੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੇ ਮੀਟਰ ਹੀ ਘਰਾਂ ਵਿੱਚ ਮੁੜ ਲਗਾਏ ਜਾਣ, ਤਾਂ ਜੋ ਲੋਕ ਆਪਣੀ ਵਰਤੋਂ ਅਨੁਸਾਰ ਬਿੱਲ ਅਦਾ ਕਰ ਸਕਣ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨ ਮਜ਼ਦੂਰ ਕਦੇ ਵੀ ਪ੍ਰੀਪੇਡ ਜਾਂ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ ਅਤੇ ਲੋੜ ਪਈ ਤਾਂ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ।
ਇਸ ਦੌਰਾਨ ਕਿਸਾਨ ਆਗੂ ਜਰਮਨਜੀਤ ਸਿੰਘ ਨੇ ਕਿਹਾ ਕਿ ਸਮਾਰਟ ਮੀਟਰ ਮੋਬਾਇਲ ਰੀਚਾਰਜ ਸਿਸਟਮ ਵਰਗੇ ਹਨ। ਜੇ ਰੀਚਾਰਜ ਨਾ ਹੋਵੇ ਤਾਂ ਬਿਜਲੀ ਆਪਣੇ ਆਪ ਬੰਦ ਹੋ ਜਾਏਗੀ, ਜੋ ਗਰੀਬ ਤੇ ਮੱਧਵਰਗੀ ਪਰਿਵਾਰਾਂ ਲਈ ਘਾਤਕ ਸਾਬਤ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨੀਤੀ ਨਾਲ ਮੀਟਰ ਰੀਡਰਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ 21 ਅਤੇ 22 ਤਰੀਕ ਨੂੰ ਪੂਰੇ ਪੰਜਾਬ ਵਿੱਚ ਹਜ਼ਾਰਾਂ ਸਮਾਰਟ ਮੀਟਰ ਪੁੱਟ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ। ਇਸ ਤੋਂ ਬਾਅਦ 5 ਤਰੀਕ ਨੂੰ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਪੰਜਾਬ ਪੱਧਰੀ ਧਰਨੇ ਦਿੱਤੇ ਜਾਣਗੇ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਮਾਰਟ ਮੀਟਰਾਂ ਦੀ ਯੋਜਨਾ ਵਾਪਸ ਨਾ ਲਈ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ
ਇਸ ਮੌਕੇ ਸਬ ਡਵੀਜ਼ਨ ਕੋਟ ਮਿੱਤ ਸਿੰਘ ਪਿੰਡ ਗੁਰੁਵਾਲੀ ਬਿਜਲੀ ਘਰ ਦੇ ਕਲਰਕ ਮਨਜਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਆਗੂ ਇਕੱਠੇ ਹੋ ਕੇ ਬਿਜਲੀ ਘਰ ਵਿੱਚ ਸਮਾਰਟ ਮੀਟਰ ਲੈਕੇ ਆਏ ਹਨ, ਜੋ 50 ਦੇ ਕਰੀਬ ਹਨ, ਅਸੀਂ ਰੱਖ ਲਏ ਹਨ ਤੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਬਾਈਟ:--- ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਰਮਨਜੀਤ ਸਿੰਘ ਬੰਡਾਲਾ
ਬਾਈਟ:--- ਮਨਜਿੰਦਰ ਸਿੰਘ ਕਲਰਕ ਬਿਜਲੀ ਵਿਭਾਗ
- PTC NEWS