KMM ਵੱਲੋਂ ਬਿਜਲੀ ਸੋਧ ਬਿੱਲ ਖਿਲਾਫ਼ ਸੰਘਰਸ਼ ਦਾ ਐਲਾਨ, 2 ਨਵੰਬਰ ਨੂੰ ਬਿਜਲੀ ਮੁਲਾਜ਼ਮਾਂ ਦੇ ਧਰਨੇ ਦੀ ਹਮਾਇਤ, ਪੜ੍ਹੋ ਹੋਰ ਫੈਸਲੇ
Kisan Majdoor Morcha : ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਅੱਜ ਦੀ ਕਿਸਾਨ-ਮਜਦੂਰ ਜਥੇਬੰਦੀਆਂ ਅਤੇ ਸਟੂਡੈਂਟ ਮੁਲਾਜਮ ਯੂਨੀਅਨਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਇੱਕ ਪੱਤਰ ਰਾਹੀਂ ਆਗੂਆਂ ਨੇ ਕਿਹਾ ਕਿ SKM ਨੂੰ ਵੀ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਆਗੂਆਂ ਨੇ ਕਿਹਾ ਕਿਹਾ ਕਿ KMM ਵਲੋਂ ਅੱਜ ਕਈ ਅਹਿਮ ਫੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਦੋ ਨਵੰਬਰ ਨੂੰ ਲੁਧਿਆਣੇ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਜੋ ਧਰਨਾ ਰੱਖਿਆ ਗਿਆ ਹੈ ਉਸ ਦੀ ਅਸੀਂ ਪੂਰਨ ਤੌਰ 'ਤੇ ਹਮਾਇਤ ਕਰਦੇ ਹਾਂ। ਪਰਾਲੀ ਸਾੜ ਨੂੰ ਲੈ ਕੇ ਜਿਹੜੇ ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਉਹਨਾਂ ਨੂੰ ਤੁਰੰਤ ਰੋਕਿਆ ਜਾਵੇ। ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਜਿਹੜੀ ਕਮੀ ਰਹਿ ਰਹੀ ਹੈ, ਉਸਨੂੰ ਤੁਰੰਤ ਪੂਰਾ ਕੀਤਾ ਜਾਵੇ। ਨਾਲ ਜੋ ਵਾਧੂ ਸਮਾਨ ਮਿਲਦਾ ਹੈ ਉਸ ਨੂੰ ਫੌਰੀ ਤੌਰ 'ਤੇ ਬੰਦ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹ ਫੈਸਲੇ ਕੀਤੇ ਗਏ ਹਨ ਕਿ ਬਿਜਲੀ ਦਾ ਨਿਜੀਕਰਨ ਗਲਤ ਹੈ ਅਤੇ ਅਸੀਂ ਇਕੱਠੇ ਹੋ ਕੇ ਇਸ ਬਿਜਲੀ ਸੋਧ ਬਿਲ ਦਾ ਵਿਰੋਧ ਕਰਦੇ ਹਾਂ ਤੇ ਇਸ ਲੋਕਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਸਾਡੇ ਸੰਘਰਸ਼ ਦੇ ਵਿੱਚ ਸਾਡੇ ਨਾਲ ਆ ਖੜਨ।
ਇਸਤੋਂ ਇਲਾਵਾ ਆਗੂਆਂ ਨੇ ਐਲਾਨ ਕੀਤਾ ਕਿ 15, 16 ਤੇ 17 ਨਵੰਬਰ ਨੂੰ ਪਿੰਡ ਪੱਧਰ 'ਤੇ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਉਪਰੰਤ 10 ਦਸੰਬਰ ਨੂੰ ਲੱਗੇ ਹੋਏ ਚਿੱਪ ਵਾਲੇ ਮੀਟਰ ਨੂੰ ਪੁੱਟਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਮੀਟਰਾਂ ਨੂੰ ਪੁੱਟ ਕੇ ਦਫਤਰ ਜਮਾ ਕਰਵਾਇਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਜਨਤਕ ਜਾਇਦਾਦਾਂ ਵੇਚਣ ਨੂੰ ਲੈ ਕੇ ਵੀ ਅਸੀਂ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਚਿੱਪ ਵਾਲੇ ਮੀਟਰਾਂ ਦੀ ਥਾਂ ਪੁਰਾਣਾ ਗਰਾਰੀ ਵਾਲਾ ਮੀਟਰ ਲਗਾਇਆ ਜਾਵੇ, ਅਸੀਂ ਬਿੱਲ ਦੇਣ ਨੂੰ ਤਿਆਰ ਹਾਂ। ਉਨ੍ਹਾਂ ਮੁੱਖ ਮੰਤਰੀ ਮਾਨ ਤੋਂ ਵੀ ਮੰਗ ਕੀਤੀ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਸ ਬਿੱਲ ਦਾ ਵਿਰੋਧ ਕਰਨ।
- PTC NEWS