ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਦੇ ਬਾਰਡਰਾਂ ’ਤੇ ਸੰਘਰਸ਼ ਜਾਰੀ, ਜਾਣੋ ਕਿਸਾਨਾਂ ਦੇ ਆਗਾਮੀ ਪ੍ਰੋਗਰਾਮ
SKM Upcoming Programes: ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ 13 ਫਰਵਰੀ ਦੇ ਸ਼ੁਰੂ ਹੋਏ ਦਿੱਲੀ ਅੰਦੋਲਨ ਲਈ ਕੂਚ ਦੇ ਚਲਦੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਡਰ ਤੇ ਲਗਾਤਾਰ ਸੰਘਰਸ਼ ਦੇ ਚਲਦੇ ਸਰਕਾਰ ਵੱਲੋਂ ਜਾਰੀ ਤਸ਼ੱਦਦ ਜਾਰੀ ਹੈ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਮਾਰਚ ਦਾ ਫੈਸਲਾ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਪੰਧੇਰ ਨੇ ਸ਼ਾਮ ਨੂੰ ਖਨੌਰੀ ਸਰਹੱਦ ਵਿਖੇ ਪੱਤਰਕਾਰਾਂ ਨੂੰ ਦਿੱਤੀ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ’ਤੇ ਆਉਂਦੇ ਦਿਨਾਂ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਅਤੇ ਤਿੰਨ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ 24 ਫਰਵਰੀ ਨੂੰ ਸ਼ਾਮ ਨੂੰ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ 25 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਡਬਲਯੂ.ਟੀ.ਓ ਦੀ ਕਾਨਫਰੰਸ ਕਰਕੇ ਜਾਗਰੂਕ ਕੀਤਾ ਜਾਵੇਗਾ। 26 ਫਰਵਰੀ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ ਅਤੇ ਸ਼ਾਮ 3 ਵਜੇ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਵੱਡੇ ਪੁਤਲੇ ਫੂਕੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ 27 ਫਰਵਰੀ ਨੂੰ ਦੋਵੇਂ ਮੰਚਾਂ ਦੀਆਂ ਕੌਮੀ ਪੱਧਰ ਦੀਆਂ ਮੀਟਿੰਗਾਂ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਹੋਣਗੀਆਂ ਅਤੇ 28 ਫਰਵਰੀ ਨੂੰ ਦੋਵਾਂ ਮੰਚਾਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ ਜਿਸ ਮਗਰੋਂ 29 ਫਰਵਰੀ ਨੂੰ ਅੰਦੋਲਨ ਦੇ ਆਉਣ ਵਾਲੇ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਜਾਵੇਗਾ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਦੋਲਨਕਾਰੀਆਂ ਨੇ ਹੁਣ ਤੱਕ ਬਹੁਤ ਹੀ ਹਲੀਮੀ ਅਤੇ ਸਬਰ ਨਾਲ ਸਰਕਾਰ ਦੇ ਜਬਰ ਦਾ ਮੁਕਾਬਲਾ ਕੀਤਾ ਹੈ ਅਤੇ ਸਰਕਾਰ ਅਤੇ ਸਰਕਾਰ ਪੱਖੀ ਮੀਡੀਆ ਦੁਆਰਾ ਭੜਕਾਓਣ ਦੀਆਂ ਸਿਰਤੋੜ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਫ ਕਹਿਣਾ ਹੈ ਕਿ ਦਿੱਲੀ ਜਾਣਾ ਸਾਡੀ ਅਣਖ ਦਾ ਸਵਾਲ ਨਹੀਂ ਅਗਰ ਸਰਕਾਰ ਸਾਰੀਆਂ ਮੰਗਾ ਮੰਨ ਲੈਦੀ ਹੈ ਤਾਂ ਅੰਦੋਲਨਕਾਰੀ ਵਾਪਿਸ ਚਲੇ ਜਾਣਗੇ ਪਰ ਮੰਗਾਂ ਮੰਨੇ ਬਿਨਾ ਦਿੱਲੀ ਕੂਚ ਦੀ ਕਾਲ ਵਾਪਿਸ ਨਹੀਂ ਹੋ ਸਕਦੀ।
ਕਿਸਾਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਉਸਦੀ ਇਸ ਕਾਰਵਾਈ ਨੂੰ ਪੂਰੀ ਦੁਨੀਆ ਦੇ ਦੇਸ਼ ਦੇਖ ਰਹੇ ਹਨ। ਓਹਨਾ ਨੇ ਦੇਸ਼ ਭਰ ਦੇ ਲੋਕਾਂ ਨੂੰ ਵਧ ਤੋਂ ਵਧ ਗਿਣਤੀ ਵਿੱਚ ਮੋਰਚੇ ਵਿਚ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਮੌਕੇ ਨਿੱਜੀ ਹਿੱਤਾਂ ਅਤੇ ਕੰਮਾਂ ਨੂੰ ਛੱਡ ਕੇ ਦੇਸ਼ ਦੇ ਕਿਸਾਨ ਮਜਦੂਰ ਦੀ ਲੜਾਈ ਲੜਨ ਦਾ ਸਮਾਂ ਹੈ।
ਇਹ ਵੀ ਪੜ੍ਹੋ: ਰਾਤ ਨੂੰ ਸੌਂਦੇ ਸਮੇਂ ਵਾਈਫਾਈ ਰਾਊਟਰ ਨੂੰ ਬੰਦ ਰੱਖਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
-