Himachal Weather Update : ਕੁੱਲੂ ’ਚ ਬੱਦਲ ਫਟਣ ਵਾਂਗ ਭਾਰੀ ਬਾਰਿਸ਼ ਕਾਰਨ ਆਇਆ ਹੜ੍ਹ, 25 ਵਾਹਨ ਰੁੜੇ, ਯੈਲੋ ਅਲਰਟ ਜਾਰੀ
Himachal Weather Update : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਨਿਰਮੰਡ ਖੇਤਰ ਵਿੱਚ ਜਗਤ ਖਾਨਾ ਨੇੜੇ ਸੜਕ ਕਿਨਾਰੇ ਖੜ੍ਹੇ ਲਗਭਗ 20 ਤੋਂ 25 ਵਾਹਨ ਪਾਣੀ ਅਤੇ ਮਲਬੇ ਦੀ ਲਪੇਟ ਵਿੱਚ ਆਉਣ ਕਾਰਨ ਨੁਕਸਾਨੇ ਗਏ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਨਿਰਮੰਦ ਮਨਮੋਹਨ ਸਿੰਘ ਨੇ ਕਿਹਾ ਕਿ ਸ਼ਰਸ਼ਯਾ ਨਾਲੇ ਵਿੱਚ ਹੜ੍ਹ ਕਾਰਨ ਇਹ ਨੁਕਸਾਨ ਹੋਇਆ ਹੈ। ਇਹ ਨਾਲਾ ਆਮ ਤੌਰ 'ਤੇ ਸੁੱਕਾ ਹੁੰਦਾ ਹੈ, ਪਰ ਅਚਾਨਕ ਭਾਰੀ ਬਾਰਿਸ਼ ਕਾਰਨ ਇਸ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਸੜਕ ਕਿਨਾਰੇ ਖੜ੍ਹੇ ਵਾਹਨ ਵਹਿ ਗਏ।
ਸੜਕਾਂ ਅਤੇ ਰਸਤੇ ਬੰਦ
ਇਸ ਹੜ੍ਹ ਕਾਰਨ ਰਾਸ਼ਟਰੀ ਰਾਜਮਾਰਗ-5 (ਹਿੰਦੁਸਤਾਨ-ਤਿੱਬਤ ਸੜਕ) 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਰਾਮਪੁਰ ਅਤੇ ਕਿਨੌਰ ਦੇ ਵਿਚਕਾਰ ਝਕੜੀ ਨੇੜੇ ਪਹਾੜਾਂ ਤੋਂ ਮਲਬਾ ਡਿੱਗਣ ਕਾਰਨ ਰਾਜਮਾਰਗ ਨੂੰ ਬੰਦ ਕਰਨਾ ਪਿਆ।
ਮੌਸਮ ਵਿਭਾਗ ਦੀ ਚਿਤਾਵਨੀ
ਮੌਸਮ ਵਿਭਾਗ ਨੇ 27 ਅਤੇ 28 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਸਾਰੇ 12 ਜ਼ਿਲ੍ਹਿਆਂ ਵਿੱਚ 'ਯੈਲੋ ਅਲਰਟ' ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ, ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ), ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 25 ਅਤੇ 26 ਮਈ ਨੂੰ ਸ਼ਿਮਲਾ, ਸੋਲਨ, ਮੰਡੀ, ਸਿਰਮੌਰ, ਚੰਬਾ, ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਸ਼ਨੀਵਾਰ ਨੂੰ ਮੌਸਮ ਜ਼ਿਆਦਾਤਰ ਖੁਸ਼ਕ ਰਿਹਾ, ਪਰ ਰੋਹੜੂ ਵਿੱਚ 10 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜੁਬਲਹੱਟੀ, ਚੰਬਾ ਅਤੇ ਜੁਬਲ ਵਿੱਚ ਹਲਕੀ ਬਾਰਿਸ਼ ਹੋਈ। ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਅਤੇ ਕੇਲੋਂਗ ਵਿੱਚ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : Covid Cases Deaths : ਦੇਸ਼ ’ਚ ਤੇਜ਼ੀ ਨਾਲ ਫੈਲਣ ਲੱਗਿਆ ਕੋਰੋਨਾ; ਮਹਾਰਾਸ਼ਟਰ-ਕਰਨਾਟਕ ਸਮੇਤ ਕਈ ਰਾਜਾਂ ’ਚ ਫੈਲੀ ਦਹਿਸ਼ਤ
- PTC NEWS