Landslide in Katra : ਮਾਤਾ ਵੈਸ਼ਨੋ ਦੇਵੀ ਰਸਤੇ 'ਤੇ ਵੱਡਾ ਹਾਦਸਾ, ਜ਼ਮੀਨ ਖਿਸਕਣ ਕਾਰਨ 2 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ
Landslide in JK : ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਦੇ ਰਸਤੇ 'ਤੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ 'ਚ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਬਾਰੇ ਸੂਚਨਾ ਹੈ।
ਘਟਨਾ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤਿਕੁਟਾ ਪਹਾੜੀਆਂ 'ਤੇ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਮਾਰਗ 'ਤੇ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ 'ਤੇ ਜ਼ਮੀਨ ਖਿਸਕਣ ਦੀ ਘਟਨਾ ਹੋਈ ਹੈ, ਉਹ ਪੰਛੀ ਹੈਲੀਪੈਡ ਦੇ ਕੋਲ ਹੈ। ਜ਼ਮੀਨ ਖਿਸਕਣ ਕਾਰਨ ਕੁਝ ਸ਼ਰਧਾਲੂਆਂ ਦੇ ਫਸੇ ਹੋਣ ਦੀ ਵੀ ਸੰਭਾਵਨਾ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਿਹਾ ਹੈ।
ਢਿੱਗਾਂ ਡਿੱਗਣ ਕਾਰਨ ਹਿਮਕੋਟੀ ਰੋਡ 'ਤੇ ਕਾਫੀ ਮਲਬਾ ਡਿੱਗ ਗਿਆ ਹੈ। ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਖਰਾਬ ਮੌਸਮ ਕਾਰਨ ਬਚਾਅ ਕਾਰਜਾਂ 'ਚ ਕੁਝ ਦਿੱਕਤਾਂ ਆ ਰਹੀਆਂ ਹਨ। ਕਿਉਂਕਿ ਮੀਂਹ ਲਗਾਤਾਰ ਪੈ ਰਿਹਾ ਹੈ। ਵੈਸ਼ਨੋ ਦੇਵੀ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਜ਼ਮੀਨ ਖਿਸਕ ਗਈ। ਹਿਮਕੋਟ ਵਿੱਚ ਬਚਾਅ ਕਾਰਜ ਅਜੇ ਵੀ ਜਾਰੀ ਹੈ। ਫਿਲਹਾਲ ਯਾਤਰਾ ਨੂੰ ਪੁਰਾਣੇ ਰੂਟ ਤੋਂ ਡਾਇਵਰਟ ਕਰ ਦਿੱਤਾ ਗਿਆ ਹੈ।
- PTC NEWS