Police and Advocates Clash : ਸ੍ਰੀ ਮੁਕਤਸਰ ਸਾਹਿਬ 'ਚ CM ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਪੈ ਗਿਆ ਰੌਲਾ, ਪੁਲਿਸ ਤੇ ਵਕੀਲਾਂ ਵਿਚਾਲੇ ਧੱਕਾ-ਮੁੱਕੀ
Police and Advocates Clash News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੁਆਰੇਵਾਲਾ ਵਿੱਚ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਦੇ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਇੱਕ ਵਕੀਲ ਖ਼ਿਲਾਫ਼ ਦਰਜ ਕੀਤੀ ਗਈ ਐਫ਼ਆਈਆਰ ਦਾ ਬਾਰ ਐਸੋਸੀਏਸ਼ਨ ਨੇ ਤਿੱਖਾ ਵਿਰੋਧ ਕੀਤਾ ਹੈ, ਜਿਸਦੇ ਚਲਦਿਆਂ ਅੱਜ ਵਕੀਲਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਲੈ ਕੇ ਮਿਲਣਾ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਆਮ ਪਾਰਟੀ ਦੀ ਲੀਡਰਸ਼ਿਪ ਦੇ ਚੱਲ ਰਹੇ ਵਿਵਾਦ ਬਾਰੇ ਜਾਣੂ ਕਰਾਉਣਾ ਸੀ।
ਹਾਲਾਂਕਿ, ਜਦੋਂ ਵਕੀਲ ਇਸ ਸਬੰਧੀ ਡੀਸੀ ਆਫਿਸ ਤੋਂ ਨਿਕਲੇ ਤਾਂ ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਅੱਗੇ ਜਾਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਹਲਕੀ ਧੱਕਾ-ਮੁੱਕੀ ਹੋਈ ਤੇ ਵਕੀਲ ਬੈਰੀਕੇਡ ਤੋੜਦੇ ਹੋਏ ਮੁਕਤਸਰ ਦੇ ਕੋਟਕਪੂਰਾ-ਬਠਿੰਡਾ ਰੋਡ 'ਤੇ ਡਾਕਟਰ ਕੇਹਰ ਸਿੰਘ ਚੌਂਕ ਕੋਲ ਪਹੁੰਚ ਗਏ ਤੇ ਰੋਡ ਜਾਮ ਕਰ ਦਿੱਤਾ। ਵਕੀਲਾਂ ਦੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਕੋਟਕਪੂਰਾ ਰੋਡ ਵੀ ਬੈਰੀਕੇਡ ਟੱਪ ਕੇ ਬੰਦ ਕਰ ਦਿੱਤਾ।
ਵਕੀਲਾਂ ਦਾ ਕਹਿਣਾ ਹੈ ਕਿ ਜਿੰਨਾ ਟਾਈਮ ਉਹ ਸੀਐਮ ਮਾਨ ਨੂੰ ਨਹੀਂ ਮਿਲਦੇ, ਓਨਾ ਚਿਰ ਉਹ ਰੋਡ ਜਾਮ ਰੱਖਣਗੇ ਤੇ ਇਹ ਧਰਨਾ ਨਹੀਂ ਚੁੱਕਣਗੇ। ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੋਟਕਪੂਰਾ ਰੋਡ 'ਤੇ ਸਰਕਾਰੀ ਕਾਲਜ ਗੁਰੂ ਗੋਬਿੰਦ ਸਟੇਡੀਅਮ ਦੇ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਮੁਕਤਸਰ ਪਹੁੰਚਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਵਕੀਲਾਂ ਦੇ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ।
ਕੀ ਸੀ ਪੂਰਾ ਮਾਮਲਾ ?
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਬੀਤੇ ਦਿਨ, ਜੁਆਰੇਵਾਲਾ ਪਿੰਡ ਵਿੱਚ ਦੋ ਸਮੂਹਾਂ ਵਿਚਕਾਰ ਹੋਈ ਝੜਪ ਦੇ ਸਬੰਧ ਵਿੱਚ ਸਦਰ ਪੁਲਿਸ ਸਟੇਸ਼ਨ 'ਚ ਇੱਕ ਵਕੀਲ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਨੂੰ ਲੈ ਕੇ ਮੀਟਿੰਗ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਸੀ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਵਕੀਲ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਦੋਂ ਕਿ ਪੀੜਤ ਵਿਰੁੱਧ ਰਾਜਨੀਤੀ ਤੋਂ ਪ੍ਰੇਰਿਤ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਵਿਰੋਧ ਵਿੱਚ ਐਤਵਾਰ ਨੂੰ ਮੁੱਖ ਮੰਤਰੀ ਦੇ ਘਿਰਾਓ ਅਤੇ ਹੜਤਾਲ ਦੀ ਚੇਤਾਵਨੀ ਦਿੱਤੀ ਗਈ ਸੀ।
- PTC NEWS