Sri Muktsar Sahib 'ਚ ਵਕੀਲਾਂ ਵੱਲੋਂ ਤਿੰਨ ਦਿਨਾਂ ਦੀ ਹੜਤਾਲ, ਮੁੱਖ ਮੰਗਾਂ ਨੂੰ ਲੈ ਕੇ ਕੰਮਕਾਜ ਠੱਪ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਵਕੀਲ ਭਾਈਚਾਰੇ ਵੱਲੋਂ ਤਿੰਨ ਦਿਨ ਹੜਤਾਲ ਕੀਤੀ ਗਈ ਹੈ ਅਤੇ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਪੂਰੇ ਪੰਜਾਬ ਅਤੇ ਹਰਿਆਣਾ ਦੇ ਨਾਲ ਇਕਜੁੱਟਤਾ ਦਰਸਾਉਂਦੇ ਹੋਏ ਮੁਕਤਸਰ ਬਾਰ ਦੇ ਵਕੀਲਾਂ ਨੇ ਵੀ ਇਸ ਅੰਦੋਲਨ ਵਿੱਚ ਭਾਗ ਲਿਆ ਹੈ। ਡਿਫੈਂਸ ਕੌਂਸਲ ਪ੍ਰਣਾਲੀ ਅਤੇ ਨਿਆਂ ਪ੍ਰਣਾਲੀ ਦੇ ਕਾਰਜ ਯੋਜਨਾ ਪ੍ਰਣਾਲੀ ਖ਼ਿਲਾਫ਼ ਵਕੀਲਾਂ ਨੇ ਇਤਰਾਜ ਜਤਾਇਆ ਹੈ। 5 ਜਨਵਰੀ ਤੋਂ ਸ਼ੁਰੂ ਹੋਈ ਇਹ ਹੜਤਾਲ ਸੱਤ ਤਰੀਖ ਤੱਕ ਜਾਰੀ ਰਹੇਗੀ ਅਤੇ ਇਸ ਦੌਰਾਨ ਕਿਸੇ ਵੀ ਕਿਸਮ ਦੀ ਪੇਸ਼ੀ ਜਾਂ ਕਾਰਵਾਈ ਨਹੀਂ ਕੀਤੀ ਜਾਵੇਗੀ।
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਸੱਦੇ ‘ਤੇ ਪੂਰੇ ਪੰਜਾਬ ਅਤੇ ਹਰਿਆਣਾ ਵਿੱਚ ਵਕੀਲਾਂ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਅਦਾਲਤਾਂ ਦੇ ਅੰਦਰ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ। ਵਕੀਲਾਂ ਵੱਲੋਂ ਇਕੱਠੇ ਹੋ ਕੇ ਆਪਣੀਆਂ ਮੁੱਖ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ ਗਿਆ ਅਤੇ ਕਿਹਾ ਗਿਆ ਕਿ ਡਿਫੈਂਸ ਕੌਂਸਲ ਪ੍ਰਣਾਲੀ ਕਾਰਨ ਨੌਜਵਾਨ ਵਕੀਲਾਂ ਨੂੰ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਵਕੀਲਾਂ ਦਾ ਕਹਿਣਾ ਹੈ ਕਿ ਡਿਫੈਂਸ ਕੌਂਸਲ ਦੇ ਤਹਿਤ ਕੁਝ ਵਕੀਲ ਨਿਯੁਕਤ ਕੀਤੇ ਜਾਂਦੇ ਹਨ ਅਤੇ ਜ਼ਿਆਦਾਤਰ ਫੌਜਦਾਰੀ ਮਾਮਲੇ ਖ਼ਾਸ ਕਰਕੇ ਜਮਾਨਤਾਂ ਨਾਲ ਸੰਬੰਧਿਤ ਕੇਸ, ਉਹਨਾਂ ਕੋਲ ਹੀ ਚਲੇ ਜਾਂਦੇ ਹਨ। ਇਸ ਕਾਰਨ ਕਈ ਵਾਰ ਮੁਲਜ਼ਮ ਨਿੱਜੀ ਵਕੀਲ ਕੋਲ ਆਪਣੀ ਜਮਾਨਤ ਲਈ ਪਹੁੰਚਦਾ ਹੈ ਪਰ ਬਾਅਦ ਵਿੱਚ ਦਸਤਾਵੇਜ਼ ਵੇਖਣ ‘ਤੇ ਪਤਾ ਲੱਗਦਾ ਹੈ ਕਿ ਪਹਿਲਾਂ ਹੀ ਸਰਕਾਰੀ ਤੌਰ ‘ਤੇ ਨਿਯੁਕਤ ਵਕੀਲ ਵੱਲੋਂ ਉਸ ਦੀ ਜ਼ਮਾਨਤ ਕਰਵਾਈ ਜਾ ਚੁੱਕੀ ਹੈ। ਵਕੀਲਾਂ ਦੇ ਅਨੁਸਾਰ ਇਸ ਪ੍ਰਣਾਲੀ ਨਾਲ ਖ਼ਾਸ ਤੌਰ ‘ਤੇ ਨਵੇਂ ਅਤੇ ਨੌਜਵਾਨ ਵਕੀਲਾਂ ਦੀ ਪ੍ਰੈਕਟਿਸ ਪ੍ਰਭਾਵਿਤ ਹੋ ਰਹੀ ਹੈ ਅਤੇ ਉਹਨਾਂ ਨੂੰ ਮਾਮਲੇ ਨਹੀਂ ਮਿਲ ਰਹੇ।
ਇਸ ਤੋਂ ਇਲਾਵਾ ਦੂਜੀ ਵੱਡੀ ਮੰਗ ਨਿਆਂ ਪ੍ਰਣਾਲੀ ਵੱਲੋਂ ਲਾਗੂ ਕੀਤੀ ਗਈ ਕਾਰਜ ਯੋਜਨਾ ਨਾਲ ਜੁੜੀ ਹੋਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਕੇਸਾਂ ਨੂੰ ਜਲਦੀ ਨਿਪਟਾਉਣ ਲਈ ਦਬਾਅ ਬਣਾਇਆ ਜਾਂਦਾ ਹੈ, ਜਿਸ ਨਾਲ ਵਕੀਲਾਂ ਨੂੰ ਮਾਮਲਿਆਂ ਦੀ ਪੂਰੀ ਤਿਆਰੀ ਕਰਨ ਅਤੇ ਪੱਖਕਾਰਾਂ ਨਾਲ ਢੰਗ ਨਾਲ ਵਿਚਾਰ ਕਰਨ ਲਈ ਸਮਾਂ ਨਹੀਂ ਮਿਲਦਾ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਕਾਰਜ ਯੋਜਨਾ ਨੂੰ ਰੱਦ ਕੀਤਾ ਜਾਵੇ ਤਾਂ ਜੋ ਨਿਆਂ ਦੀ ਪ੍ਰਕਿਰਿਆ ਸੁਚੱਜੇ ਅਤੇ ਸੰਤੁਲਿਤ ਢੰਗ ਨਾਲ ਚੱਲ ਸਕੇ।
ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਅਦਾਲਤੀ ਪ੍ਰੰਗਣ ਅੰਦਰ ਸੁੰਨਾਪਾ ਵੇਖਣ ਨੂੰ ਮਿਲਿਆ ਅਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ। ਵਕੀਲ ਭਾਈਚਾਰੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਹੜਤਾਲ ਪੰਜ ਤਰੀਖ ਤੋਂ ਸ਼ੁਰੂ ਹੋ ਕੇ ਸੱਤ ਤਰੀਖ ਤੱਕ ਜਾਰੀ ਰਹੇਗੀ ਅਤੇ ਇਸ ਦੌਰਾਨ ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਵੇਗਾ। ਪੂਰੇ ਪੰਜਾਬ ਵਿੱਚ ਚੱਲ ਰਹੇ ਇਸ ਸਾਂਝੇ ਅੰਦੋਲਨ ਦੇ ਤਹਿਤ ਮੁਕਤਸਰ ਸਾਹਿਬ ਵਿੱਚ ਵੀ ਵਕੀਲ ਆਪਣੀਆਂ ਮੰਗਾਂ ਨੂੰ ਲੈ ਕੇ ਇਕਜੁੱਟ ਨਜ਼ਰ ਆਏ।
ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼
- PTC NEWS