ਦੂਸਰਿਆਂ ਦੇ ਲਈ ਜਿਓਂਕੇ ਆਪਣਾ ਫ਼ਰਜ਼ ਨਿਭਾਉਣ ਵਾਲੇ ...ਰਵਿੰਦਰ ਸ਼ਾਰਧਾ
ਬਹੁਤ ਹੀ ਘੱਟ ਲੋਕ ਹੁੰਦੇ ਨੇ ਜੋ ਆਪਣੇ ਰੁਝੇਵੇਆਂ ਦੇ ਵਿੱਚੋ ਕਿਸੇ ਹੋਰ ਦੇ ਲਈ ਵਕ਼ਤ ਕੱਢ ਕੇ ਸੋਚਣ, ਪ੍ਰੰਤੂ ਸਾਡੇ ਮੁਲਕ ਦੇ ਵਿੱਚ ਐਸੇ ਵੀ ਲੋਕ ਮੌਜੂਦ ਹਨ, ਜੋ ਆਪਣੇ ਤੋਂ ਇਲਾਵਾ ਬਿਨ੍ਹਾਂ ਕਿਸੇ ਪੈਸੇ ਦੇ ਲਾਲਚ ਤੋਂ ਜੀਵਾਂ ਦੀ ਸੁਰੱਖਿਆ ਦੇ ਲਈ ਕਦਮ ਵਧਾਉਂਦੇ ਹਨ, ਅਜਿਹੇ ਹੀ ਇੱਕ ਸਖਸ਼ ਹਨ, ਪਟਿਆਲਾ ਦੇ ਬਿਸ਼ਨ ਨਗਰ ਦੇ ਵਾਸੀ ਰਵਿੰਦਰ ਕੁਮਾਰ ਸ਼ਾਰਧਾ, ਜੋ ਕਿ ਆਪਣੀ ਜਾਨ ਜੋਖ਼ਿਮ 'ਚ ਪਾ ਕੇ ਸੱਪਾਂ ਦੀ ਜਾਨ ਬਚਾਉਂਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁਚਾਉਂਦੇ ਹਨ।
ਰਵਿੰਦਰ ਸ਼ਾਰਧਾ ਪਿਛਲੇ ਤਕਰੀਬਨ 10 ਸਾਲਾਂ ਤੋਂ ਇਹ ਸੇਵਾ ਬਿਨ੍ਹਾਂ ਕਿਸੇ ਲੋਭ ਅਤੇ ਲਾਲਚ ਤੋਂ ਨਿਭਾ ਰਹੇ ਹਨ ਉਹ ਲੋਕਾਂ ਨੂੰ ਸੱਪਾਂ ਨੂੰ ਨਾ ਮਾਰਨ ਦੀ ਅਪੀਲ ਵੀ ਕਰਦੇ ਹਨ ਉਨ੍ਹਾਂ ਨੂੰ ਕਈ ਵਾਰ ਜ਼ਹਰੀਲੇ ਸੱਪਾਂ ਨੇ ਵੀ ਡੰਗਿਆ ਹੈ ਪਰੰਤੂ ਫਿਰ ਵੀ ਉਹ ਇਸ ਫਰਜ਼ ਨੂੰ ਨਿਭਾਉਣ ਤੋਂ ਕਦੀ ਪਿੱਛੇ ਨਹੀਂ ਹੱਟਦੇ ....
ਜਿੱਥੇ ਲੋਕ ਸੱਪ ਦਾ ਨਾਮ ਸੁਣ ਕੇ ਹੀ ਡਰ ਜਾਂਦੇ ਹਨ ਉੱਥੇ ਹੀ ਇਹ ਰੇਲਵੇ ਵਿਭਾਗ ਦਾ ਰਿਟਾਇਰਡ ਕਰਮਚਾਰੀ ਆਪਣੀ ਜਾਨ ਜੋਖਮ 'ਚ ਪਾ ਕੇ ਲੋਕਾਂ ਦੀ ਅਤੇ ਸੱਪਾਂ ਦੀ ਜਾਨ ਬਚਾਉਣ ਦਾ ਕੰਮ ਕਰ ਰਿਹਾ ਹੈ। ਸਥਾਨਕ ਬਿਸ਼ਨ ਨਗਰ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਸ਼ਾਰਧਾ ਜੋ ਕਿ ਰੇਲਵੇ ਵਿਭਾਗ ਦਾ ਸਾਬਕਾ ਕਰਮਚਾਰੀ ਹੈ, ਹੁਣ ਤੱਕ ਹਜ਼ਾਰਾਂ ਸੱਪ ਫ਼ੜ੍ਹ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਦੂਰ ਛੱਡ ਚੁੱਕਿਆ ਹੈ। ਰਵਿੰਦਰ ਸ਼ਾਰਧਾ ਸੱਪ ਫ਼ੜ ਕੇ ਉਨ੍ਹਾਂ ਨੂੰ ਦੂਰ ਛੱਡਣ ਦੀ ਇਹ ਸੇਵਾ ਫਰੀ ਨਿਭਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਬਿਨ੍ਹਾਂ ਡਰੇ ਬਚਪਨ ਤੋਂ ਹੀ ਸੱਪ ਫ਼ੜ ਲੈਂਦੇ ਸਨ । ਪ੍ਰੰਤੂ ਹੁਣ 10-12 ਸਾਲਾਂ ਤੋਂ ਉਹ ਸੱਪ ਫ਼ੜਨ ਦਾ ਕਾਰਜ ਲਗਾਤਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸੱਪ ਫ਼ੜ ਕੇ ਬੀੜ ਜਾਂ ਦੂਰ ਦੁਰਾਡੇ ਦੀਆਂ ਥਾਵਾਂ 'ਤੇ ਛੱਡ ਆਉਂਦੇ ਹਨ ਤਾਂ ਕਿ ਇਹ ਬੇਜ਼ੁਬਾਨ ਜੀਵ ਵੀ ਆਪਣੀ ਜ਼ਿੰਦਗੀ ਜੀ ਸਕਣ।ਰਵਿੰਦਰ ਸ਼ਾਰਦਾ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਸਭ ਨੂੰ ਪਤਾ ਹੈ ਕਿ ਉਹ ਸੱਪ ਫੜ ਸਕਦੇ ਹਨ ਇਸ ਲਈ ਲੋਕ ਫ਼ੋਨ ਕਰ ਦਿੰਦੇ ਹਨ, ਜਿਸ ਉਪਰੰਤ ਸੱਪ ਨੂੰ ਜਿਊਂਦਾ ਫ਼ੜ ਕੇ ਸੁੱਰਖਿਅਤ ਥਾਂ 'ਤੇ ਛੱਡਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ 'ਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਸੱਪ ਲੋਕਾਂ ਦੇ ਘਰਾਂ ਤੱਕ ਆ ਗਏ ਹਨ, ਜਿਸ ਕਾਰਨ ਉਹ ਲਗਾਤਾਰ ਸੱਪ ਫ਼ੜ ਕੇ ਬਾਹਰ ਛੱਡ ਰਹੇ ਹਨ। ਅੱਜ-ਕੱਲ੍ਹ ਕਈ ਜ਼ਹਿਰੀਲੇ ਅਤੇ ਖਤਰਨਾਕ ਕਿਸਮ ਦੇ ਸੱਪ ਪਾਣੀ 'ਚ ਆਏ ਹਨ। 1993 ਵਿੱਚ ਆਏ ਹੜ੍ਹਾਂ ਦੌਰਾਨ ਵੀ ਅਨੇਕਾਂ ਸੱਪ ਪਾਣੀ ਦੇ ਵਹਾਅ ਨਾਲ ਆਏ ਸਨ, ਜਿਨ੍ਹਾਂ ਨੂੰ ਬੀੜ 'ਚ ਛੱਡਿਆ ਗਿਆ ਸੀ, ਜਿਸ ਦੌਰਾਨ ਇੱਕ ਸੱਪ ਵੱਲੋਂ ਉਨ੍ਹਾਂ ਦੇ ਨੱਕ 'ਤੇ ਡੰਗ ਵੀ ਮਾਰਿਆ ਗਿਆ ਸੀ। ਜਿਸਦਾ ਜ਼ਖਮ ਕਾਫ਼ੀ ਸਮੇਂ ਬਾਅਦ ਠੀਕ ਹੋਇਆ ਸੀ। ਰਵਿੰਦਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ "ਜੇਕਰ ਤੁਹਾਡੇ ਘਰ ਸੱਪ ਆ ਵੀ ਜਾਵੇ ਤਾਂ ਤੁਸੀਂ ਉਸਨੂੰ ਨਾ ਮਾਰੋ ਅਤੇ ਨਾ ਹੀ ਡਰੋ, ਸਗੋਂ ਮੈਨੂੰ ਦੱਸ ਦੇਣ ਤੇ ਮੈਂ ਆਪ ਹੀ ਸੱਪਾਂ ਨੂੰ ਫ਼ੜ ਕੇ ਦੂਰ ਛੱਡ ਆਵਾਂਗਾ।"
- ਰਿਪੋਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ
- PTC NEWS