Tue, Apr 23, 2024
Whatsapp

1996 ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ 'ਚ ਆਹਮੋ-ਸਾਹਮਣੇ ਹੋਣਗੇ ਅਕਾਲੀ ਦਲ ਤੇ ਭਾਜਪਾ, ਜਾਣੋ ਹੁਣ ਤੱਕ ਕਿਸਦਾ ਦਬਦਬਾ

Written by  KRISHAN KUMAR SHARMA -- April 03rd 2024 03:21 PM
1996 ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ 'ਚ ਆਹਮੋ-ਸਾਹਮਣੇ ਹੋਣਗੇ ਅਕਾਲੀ ਦਲ ਤੇ ਭਾਜਪਾ, ਜਾਣੋ ਹੁਣ ਤੱਕ ਕਿਸਦਾ ਦਬਦਬਾ

1996 ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ 'ਚ ਆਹਮੋ-ਸਾਹਮਣੇ ਹੋਣਗੇ ਅਕਾਲੀ ਦਲ ਤੇ ਭਾਜਪਾ, ਜਾਣੋ ਹੁਣ ਤੱਕ ਕਿਸਦਾ ਦਬਦਬਾ

Amritsar Lok Sabha: ਪੰਜਾਬ 'ਚ ਲੋਕ ਸਭਾ ਚੋਣਾਂ (Lok Sabha Election 2024) ਦਾ ਨਜ਼ਾਰਾ ਇਸ ਵਾਰ ਕੁੱਝ ਵੱਖਰਾ ਹੋਵੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵਾਂ ਪਾਰਟੀਆਂ ਵੱਲੋਂ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਕਿਸਾਨੀ, ਬੰਦੀ ਸਿੰਘਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਜਿਥੇ ਇਹ ਫੈਸਲਾ ਕੀਤਾ ਗਿਆ ਹੈ, ਉਥੇ ਭਾਜਪਾ (BJP) ਵੱਲੋਂ ਕਾਂਗਰਸੀ ਚਿਹਰਿਆਂ ਨੂੰ ਪਾਰਟੀ 'ਚ ਸ਼ਾਮਲ ਕਰਕੇ ਦਾਅਵਾ ਜਤਾਇਆ ਜਾ ਰਿਹਾ ਹੈ। ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਵਿਚੋਂ ਜੇਕਰ ਗੱਲ ਕਰੀਏ ਹੌਟ ਸੀਟ ਗੁਰੂ ਨਗਰੀ ਅੰਮ੍ਰਿਤਸਰ ਦੀ ਥਾਂ ਇਥੇ 1996 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਅਤੇ ਅਕਾਲੀ ਦਲ ਇੱਕ-ਦੂਜੇ ਨੂੰ ਆਹਮੋ-ਸਾਹਮਣੇ ਮੈਦਾਨ 'ਚ ਟੱਕਰਣਗੇ।

ਪੰਜਾਬ 'ਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਣ 'ਚ ਅਜੇ ਤੱਕ ਆਮ ਆਦਮੀ ਪਾਰਟੀ (AAP) ਅਤੇ ਭਾਜਪਾ ਅੱਗੇ ਚੱਲ ਰਹੇ ਹਨ, ਜਿਨ੍ਹਾਂ ਨੇ ਕ੍ਰਮਵਾਰ 10 ਅਤੇ 6 ਲੋਕ ਸਭਾ ਸੀਟਾਂ ਲਈ ਐਲਾਨ ਕੀਤਾ ਗਿਆ ਹੈ। ਹਾਲਾਂਕਿ ਕਾਂਗਰਸ (Congress) ਪਾਰਟੀ 'ਚ ਅਜੇ ਤੱਕ ਟਿਕਟਾਂ ਨੂੰ ਲੈ ਕੇ ਦੁਬਿਧਾ ਬਣੀ ਹੋਈ ਹੈ, ਪਰੰਤੂ ਮੰਨਿਆ ਜਾ ਰਿਹਾ ਹੈ ਕਿ ਉਹ ਅੰਮ੍ਰਿਤਸਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ (Gurjeet Singh Aujla) ਨੂੰ ਹੀ ਦੁਬਾਰਾ ਟਿਕਟ ਦੇ ਸਕਦੀ ਹੈ। ਜਿਨ੍ਹਾਂ ਨੇ 2017 ਦੀ ਉਪ ਚੋਣ ਅਤੇ 2019 ਦੀਆਂ ਚੋਣਾਂ 'ਚ ਕ੍ਰਮਵਾਰ ਦੋ ਲੱਖ ਅਤੇ ਇੱਕ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਜਦਕਿ ਸ਼੍ਰੋਮਣੀ ਅਕਾਲੀ ਦਲ ਛੇਤੀ ਹੀ ਇਸ ਸਬੰਧੀ ਐਲਾਨ ਕਰ ਸਕਦਾ ਹੈ।


ਭਾਜਪਾ ਲਈ ਸੌਖਾ ਨਹੀਂ ਹੋਵੇਗਾ ਰਾਹ

ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਇਸ ਵਾਰ ਚਹੁੰਤਰਫਾ ਮੁਕਾਬਲਾ ਹੋਣ ਦੀ ਉਮੀਦ ਹੈ, ਕਿਉਂਕਿ ਭਾਜਪਾ ਨੇ ਗੁਰੂ ਨਗਰੀ ਹੋਣ ਦੇ ਨਾਤੇ ਇਸ ਸੀਟ ਤੋਂ ਸਿੱਖ ਚਿਹਰੇ ਨੂੰ ਟਿਕਟ ਦਿੱਤਾ ਹੈ। ਪਾਰਟੀ ਵੱਲੋਂ ਅਮਰੀਕਾ 'ਚ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) 'ਤੇ ਵੱਡਾ ਦਾਅਵਾ ਖੇਡਿਆ ਹੈ, ਜੋ ਕਿ ਸ. ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਵਿਚੋਂ ਹਨ। ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜੋ ਕਿ 2019 'ਚ ਲੋਕ ਸਭਾ ਚੋਣ ਹਾਰ ਗਏ ਸਨ। ਹਾਲਾਂਕਿ ਇਸ ਵਾਰ ਉਹ ਮੰਤਰੀ ਅਹੁਦੇ ਦਾ ਫਾਇਦਾ ਲੈਣਾ ਚਾਹੁੰਦੇ ਹਨ। 

ਅੰਮ੍ਰਿਤਸਰ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ 'ਚ ਪੰਜ ਸ਼ਹਿਰੀ (ਪੂਰਬੀ, ਪੱਛਮੀ (SC), ਕੇਂਦਰੀ, ਉੱਤਰੀ ਅਤੇ ਦੱਖਣੀ) ਅਤੇ ਚਾਰ ਦਿਹਾਤੀ ਅਜਨਾਲਾ, ਰਾਜਾਸਾਂਸੀ, ਮਜੀਠਾ ਅਤੇ ਰਾਜਾਸਾਂਸੀ-SC ਸ਼ਾਮਲ ਹਨ।

ਗਠਜੋੜ ਦੌਰਾਨ ਭਾਜਪਾ ਦੇ ਹਿੱਸੇ ਆਈ ਸੀ ਸੀਟ

1996 ਤੋਂ ਬਾਅਦ ਪਹਿਲੀ ਵਾਰ ਇਸ ਸੀਟ ਤੋਂ ਅਕਾਲੀ ਦਲ ਤੇ ਭਾਜਪਾ 'ਚ ਗਠਜੋੜ ਨਹੀਂ ਹੋਵੇਗਾ, ਜਿਸ ਕਾਰਨ ਭਾਜਪਾ ਲਈ ਰਾਹ ਸੌਖਾ ਨਹੀਂ ਹੋਵੇਗਾ। ਇਸਤੋਂ ਪਹਿਲਾਂ ਗਠਜੋੜ ਦੌਰਾਨ ਇਹ ਸੀਟ ਭਾਜਪਾ ਦੇ ਹਿੱਸੇ ਆਈ ਸੀ, ਜਿਸ ਦੌਰਾਨ ਸਿਰਫ਼ ਨਵਜੋਤ ਸਿੰਘ ਸਿੱਧੂ ਨੇ 2004 ਤੋਂ ਲੈ ਕੇ 2014 ਤੱਕ ਚੋਣ ਜਿੱਤੀ ਅਤੇ ਸੰਸਦ ਮੈਂਬਰ ਰਹੇ, ਨੂੰ ਛੱਡ ਕੇ ਅਰੁਣ ਜੇਤਲੀ ਅਤੇ ਹਰਦੀਪ ਸਿੰਘ ਪੁਰੀ ਵਰਗੇ ਦਿੱਗਜ਼ ਵੀ ਚੋਣ ਜਿੱਤਣ ਵਿੱਚ ਨਾਕਾਮ ਰਹੇ ਸਨ।

ਅਨਿਲ ਜੋਸ਼ੀ ਦਾ ਨਾਂ ਚਰਚਾ 'ਚ

ਗੱਠਜੋੜ ਦੌਰਾਨ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਹਮੇਸ਼ਾ ਚਰਚਾ 'ਚ ਰਿਹਾ ਹੈ, ਹਾਲਾਂਕਿ ਅਨਿਲ ਜੋਸ਼ੀ ਨੂੰ ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ 6 ਸਾਲਾਂ ਲਈ ਬਾਹਰ ਦਾ ਰਸਤਾ ਵਿਖਾਇਆ ਸੀ, ਜਿਸ ਤੋਂ ਬਾਅਦ 2020 'ਚ ਗਠਜੋੜ ਟੁੱਟਣ ਪਿੱਛੋਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।

ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਰੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪਾਰਟੀ ਦੀ ਰੀਤ ਅਨੁਸਾਰ ਹਲਕਾ ਇੰਚਾਰਜਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਰਿਹਾ ਹੈ ਅਤੇ ਜੇਕਰ ਇਸ ਵਾਰ ਵੀ ਇਸ ਤਰ੍ਹਾਂ ਹੋਵੇਗਾ ਤਾਂ ਅਨਿਲ ਜੋਸ਼ੀ ਇਸ ਸੀਟ ਤੋਂ ਉਮੀਦਵਾਰ ਹੋ ਸਕਦੇ ਹਨ। ਜੋਸ਼ੀ ਕੋਲ ਮੂਲ ਰੂਪ ਵਿੱਚ ਭਾਜਪਾ ਕੇਡਰ ਦਾ ਵੋਟ ਬੈਂਕ ਹੈ ਅਤੇ ਉਸ ਦਾ ਹੋਰ ਫਾਇਦਾ ਸ਼੍ਰੋਮਣੀ ਅਕਾਲੀ ਦਲ ਦਾ ਦਿਹਾਤੀ ਦਬਦਬਾ ਹੋਵੇਗਾ।

ਹੁਣ ਤੱਕ ਕਾਂਗਰਸ ਦਾ ਰਿਹਾ ਦਬਦਬਾ

ਹਾਲਾਂਕਿ ਜੇਕਰ ਮੁੱਖ ਤੌਰ 'ਤੇ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਾਂਗਰਸ ਦਾ ਹੀ ਦਬਦਬਾ ਰਿਹਾ ਹੈ, ਜਿਸ ਤਹਿਤ 1952 ਤੋਂ ਲੈ ਕੇ 2019 ਤੱਕ ਹੋਈਆਂ 20 ਲੋਕ ਸਭਾ ਅਤੇ ਉਪ ਚੋਣਾਂ 'ਚ ਕਾਂਗਰਸ ਨੇ 13 ਵਾਰ ਜਿੱਤ ਹਾਸਲ ਕੀਤੀ ਹੈ, ਜਦਕਿ ਭਾਰਤੀ ਜਨਸੰਘ ਸਮੇਤ ਵਿਰੋਧੀ ਧਿਰ, ਜਨਤਾ ਪਾਰਟੀ ਛੇ ਵਾਰ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਚੋਣ ਜਿੱਤਣ 'ਚ ਸਫਲ ਰਿਹਾ ਹੈ।

-

Top News view more...

Latest News view more...