Lucknow Bus Accident : ਲਖਨਊ ’ਚ ਚੱਲਦੀ ਬੱਸ ਨੂੰ ਅੱਗ ਲੱਗਣ ਨਾਲ 5 ਲੋਕ ਜ਼ਿੰਦਾ ਸੜੇ, ਬਿਹਾਰ ਤੋਂ ਦਿੱਲੀ ਜਾ ਰਹੀ ਸੀ ਸਲੀਪਰ ਬੱਸ
Lucknow Bus Accident : ਲਖਨਊ ਵਿੱਚ ਇੱਕ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਡਬਲ-ਡੈਕਰ ਬੱਸ, ਜਿਸ ਵਿੱਚ ਲਗਭਗ 60 ਯਾਤਰੀ ਸਵਾਰ ਸਨ, ਬਿਹਾਰ ਤੋਂ ਦਿੱਲੀ ਜਾ ਰਹੀ ਸੀ ਜਦੋਂ ਸਵੇਰੇ ਲਖਨਊ ਵਿੱਚੋਂ ਲੰਘਦੇ ਸਮੇਂ ਇਹ ਹਾਦਸਾ ਵਾਪਰਿਆ। ਮੀਡੀਆ ਰਿਪੋਰਟਾਂ ਅਨੁਸਾਰ, ਮ੍ਰਿਤਕਾਂ ਵਿੱਚ 2 ਬੱਚੇ, 2 ਔਰਤਾਂ ਅਤੇ 1 ਆਦਮੀ ਸ਼ਾਮਲ ਹੈ। ਇਹ ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ। ਇਹ ਹਾਦਸਾ ਸਵੇਰੇ 5 ਵਜੇ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਹੋਏ ਸਨ।
ਯਾਤਰੀਆਂ ਦੇ ਅਨੁਸਾਰ ਚੱਲਦੀ ਬੱਸ ਅਚਾਨਕ ਧੂੰਏਂ ਨਾਲ ਭਰ ਗਈ, ਜਿਸ ਕਾਰਨ ਦਹਿਸ਼ਤ ਫੈਲ ਗਈ। ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ। ਚਸ਼ਮਦੀਦਾਂ ਅਨੁਸਾਰ, ਬੱਸ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ। ਡਰਾਈਵਰ ਦੀ ਸੀਟ ਦੇ ਨੇੜੇ ਇੱਕ ਵਾਧੂ ਸੀਟ ਹੋਣ ਕਾਰਨ ਯਾਤਰੀਆਂ ਨੂੰ ਹੇਠਾਂ ਉਤਰਨ ਵਿੱਚ ਮੁਸ਼ਕਲ ਆਈ। ਬਹੁਤ ਸਾਰੇ ਯਾਤਰੀ ਕਾਹਲੀ ਵਿੱਚ ਉਤਰਦੇ ਸਮੇਂ ਫਸ ਗਏ ਅਤੇ ਡਿੱਗ ਪਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਣ 'ਤੇ ਪੀਜੀਆਈ, ਮੋਹਨ ਲਾਲਗੰਜ, ਸੁਸ਼ਾਂਤ ਗੋਲਫ ਸਿਟੀ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਏਸੀਪੀ ਰਜਨੀਸ਼ ਵਰਮਾ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਦੀ ਜ਼ਿੰਮੇਵਾਰੀ ਸੰਭਾਲ ਲਈ। ਪੁਲਿਸ ਨੇ ਮ੍ਰਿਤਕ ਯਾਤਰੀਆਂ ਦੀਆਂ ਲਾਸ਼ਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਪੋਸਟਮਾਰਟਮ ਲਈ ਭੇਜ ਦਿੱਤਾ। ਡਬਲ-ਡੈਕਰ ਬੱਸ ਵਿੱਚ ਲੱਗੀ ਅੱਗ ਨੂੰ ਅੱਧੀ ਦਰਜਨ ਫਾਇਰ ਇੰਜਣਾਂ ਨੇ ਬੁਝਾਇਆ। ਬੱਸ ਵਿੱਚ ਸਵਾਰ ਯਾਤਰੀਆਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ : Canda new Income Tax Rate : ਨਵੀਂ ਸਰਕਾਰ ਬਣਦੇ ਹੀ ਇਸ ਦੇਸ਼ ਨੇ ਮੱਧ ਵਰਗ ਨੂੰ ਦਿੱਤੀ ਵੱਡੀ ਰਾਹਤ; ਆਮਦਨ ਟੈਕਸ ਦਰਾਂ ’ਚ ਛੋਟ ਦਾ ਐਲਾਨ
- PTC NEWS