Ludhiana 'ਚ ਹੈਂਡ ਗ੍ਰਨੇਡ ਭੇਜਣ ਵਾਲੇ ਮਾਸਟਰ ਮਾਇੰਡ ਦਾ ਪੁਲਿਸ ਨੂੰ ਮਿਲਿਆ ਸੁਰਾਗ, ਗੈਂਗਸਟਰ ਨੂੰ ਮਲੇਸ਼ੀਆ ਤੋਂ ਲਿਆਉਣ ਦੀ ਤਿਆਰੀ 'ਚ ਪੁਲਿਸ
Ludhiana News : ਲੁਧਿਆਣਾ ਦੇ ਸ਼ਿਵਪੁਰੀ ਇਲਾਕ਼ੇ ਤੋਂ ਸੱਤ ਦਿਨ ਪਹਿਲਾਂ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ। ਜਿਨਾਂ ਕੋਲੋਂ ਹੈਂਡ ਗ੍ਰਨੇਡ ਬਰਾਮਦ ਹੋਏ ਸਨ। ਉਹਨਾਂ ਦਾ ਨਿਸ਼ਾਨਾ ਲੁਧਿਆਣਾ ਦੀ ਭੀੜ ਭਾੜ ਵਾਲੀਆਂ ਥਾਵਾਂ 'ਤੇ ਬਲਾਸਟ ਕਰਨਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਡੁੰਗਿਆਈ ਨਾਲ ਜਾਂਚ ਕੀਤੀ ਗਈ ਹੈ।
ਹੁਣ ਇਹ ਖੁਲਾਸਾ ਹੋਇਆ ਹੈ ਕਿ ਇਸ ਮਾਮਲੇ ਦਾ ਮਾਸਟਰਮਾਇੰਡ ਅਜੇ ਨਾਮ ਦਾ ਗੈਂਗਸਟਰ ਹੈ, ਜੋ ਕਿ ਮੌਜੂਦਾ ਸਮੇਂ ਮਲੇਸ਼ੀਆ ਦੇ ਵਿੱਚ ਲੁਕ ਕੇ ਰਹਿ ਰਿਹਾ ਹੈ। ਸੂਤਰਾਂ ਦੇ ਮੁਤਾਬਕ ਪੁਲਿਸ ਦੇ ਵੱਲੋਂ ਗੈਂਗਸਟਰ ਅਜੇ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਹੈ। ਅਤੇ ਉਸਨੂੰ ਮਲੇਸ਼ੀਆ ਤੋਂ ਵਾਪਸ ਲਿਆਉਣ ਲਈ ਪੁਲਿਸ ਦੇ ਵੱਲੋਂ ਪੁਖਤਾ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲੇ ਦੇ ਮਾਸਟਰਮਾਇੰਡ ਅਜੇ ਦੀ ਪਛਾਣ ਉਸ ਸਮੇਂ ਹੋਈ ਜਦੋਂ ਲੁਧਿਆਣਾ ਪੁਲਿਸ ਰਾਜਸਥਾਨ ਦੀ ਜੇਲ੍ਹ 'ਚ ਬੰਦ ਅਜੇ ਦੇ ਭਰਾ ਵਿਜੇ ਨੂੰ ਪ੍ਰੋਡਕਸ਼ਨ ਵਰੰਟ 'ਤੇ ਲੈ ਕੇ ਆਈ। ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੂੰ ਕਈ ਵੱਡੇ ਸੁਰਾਗ ਹਾਸਿਲ ਹੋਏ। ਦੱਸਿਆ ਜਾ ਰਿਹਾ ਕਿ ਅਜੇ ਸਾਲ 2021-22 ਦੇ ਵਿੱਚ ਮਲੇਸ਼ੀਆ ਗਿਆ ਸੀ ਅਤੇ ਉੱਥੇ ਸਿਕਿਉਰਟੀ ਗਾਰਡ ਦਾ ਕੰਮ ਕਰ ਰਿਹਾ ਸੀ। ਪੈਸੇ ਦੇ ਲਾਲਚ ਵਿੱਚ ਆ ਕੇ ਉਹ ਅਪਰਾਧ ਦੀ ਦੁਨੀਆ 'ਚ ਸ਼ਾਮਿਲ ਹੋਇਆ।
ਅਜੇ ਨੂੰ ਮਲੇਸ਼ੀਆ ਤੋਂ ਲਿਆਉਣ ਤੋਂ ਬਾਅਦ ਹੀ ਇਹ ਸਾਹਮਣੇ ਆਏਗਾ ਕਿ ਉਸਨੇ ਕਿਸਦੇ ਇਸ਼ਾਰੇ 'ਤੇ ਹੈਂਡ ਗ੍ਰਨੇਡ ਲੁਧਿਆਣਾ ਵਿੱਚ ਭੇਜੇ ਸਨ। ਫਿਲਹਾਲ ਇਸ ਮਾਮਲੇ ਵਿੱਚ ਪਹਿਲਾਂ ਫੜੇ ਗਏ ਆਰੋਪੀ ਕੁਲਦੀਪ, ਸ਼ੇਖਰ ਸਿੰਘ, ਅਜੇ ਕੁਮਾਰ, ਪਰਵਿੰਦਰ ਸਿੰਘ ਅਤੇ ਰਮਨੀਕ ਦਾ ਰਿਮਾਂਡ ਲੈ ਕੇ ਪੁਲਿਸ ਉਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।
ਉੱਥੇ ਹੀ ਪੁਲਿਸ ਨੇ ਫਿਲਹਾਲ ਕੈਮਰੇ 'ਤੇ ਕੋਈ ਵੀ ਗੱਲ ਦੱਸਣ 'ਤੇ ਅਜੇ ਇਨਕਾਰ ਕਰ ਦਿੱਤਾ ਪਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਸੀ। ਜਿਹਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਲੋਕ ਸ਼ਾਮਿਲ ਹਨ। ਗੈਂਗਸਟਰ ਅਤੇ ਅੱਤਵਾਦੀਆਂ ਦੇ ਵੀ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਕਾਫੀ ਫੰਡਿੰਗ ਵੀ ਹੋਈ ਹੈ ਅਤੇ ਇਸ ਦੇ ਤਾਰ ਸਿੱਧੇ ਤੌਰ 'ਤੇ ਜੇਲਾਂ ਵਿੱਚ ਬੰਦ ਕਈ ਕੈਦੀਆਂ ਤੇ ਡਰੱਗ ਤਸਕਰਾਂ ਦੇ ਨਾਲ ਵੀ ਜੁੜੇ ਹੋਏ ਹਨ।
- PTC NEWS