ਕਪੂਰਥਲਾ ਦੀ ਮਹਾਰਾਣੀ ਗੀਤਾ ਦੇਵੀ ਦਾ ਦੇਹਾਂਤ, ਦਿਲ ਦੀ ਬਿਮਾਰੀ ਤੋਂ ਸਨ ਪੀੜਤ
Kapurthala Maharani Geeta Devi Death: ਪੰਜਾਬ ਦੇ ਕਪੂਰਥਲਾ ਰਿਆਸਤ ਦੀ ਮਹਾਰਾਣੀ ਗੀਤਾ ਦੇਵੀ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕਪੂਰਥਲਾ ਦੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਗੀਤਾ ਦੇਵੀ ਆਪਣੇ ਬੇਟੇ ਟਿੱਕਾ ਸ਼ਤਰੂਜੀਤ ਸਿੰਘ ਨਾਲ ਗ੍ਰੇਟਰ ਕੈਲਾਸ਼ ਕਾਲੋਨੀ, ਨਵੀਂ ਦਿੱਲੀ ਵਿਖੇ ਰਹਿ ਰਹੇ ਸਨ। ਉਨ੍ਹਾਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਸਥਿਤ ਆਪਣੇ ਘਰ ਆਖਰੀ ਸਾਹ ਲਿਆ।
ਮਹਾਰਾਣੀ ਗੀਤਾ ਦੇਵੀ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿੱਚ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ। ਕਪੂਰਥਲਾ ਰਿਆਸਤ ਦੇ ਮਹਾਰਾਜਾ ਸੁਖਜੀਤ ਸਿੰਘ ਅਤੇ ਮਹਾਰਾਣੀ ਗੀਤਾ ਦੇਵੀ ਆਪਣੇ ਪਿੱਛੇ ਆਪਣੇ ਪੁੱਤਰ ਸ਼ਤਰੂਜੀਤ ਸਿੰਘ ਟਿੱਕਾ ਅਤੇ ਦੋ ਧੀਆਂ ਐਮ.ਕੇ. ਗਾਇਤਰੀ ਦੇਵੀ ਅਤੇ ਐਮ.ਕੇ. ਪ੍ਰੀਤੀ ਦੇਵੀ ਛੱਡ ਗਏ ਹਨ। ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੋਣਵੀਆਂ ਉੱਚ ਸਤਿਕਾਰਤ ਔਰਤਾਂ ਵਿੱਚ ਗਿਣਿਆ ਜਾਂਦਾ ਸੀ।
ਮਹਾਰਾਣੀ ਗੀਤਾ ਦੇਵੀ ਦੇ ਅਕਾਲ ਚਲਾਣੇ ਬਾਰੇ ਉਨ੍ਹਾਂ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤੁਸਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਸਾਹਿਬਾ ਨੂੰ ਵੀਰਵਾਰ ਦੇਰ ਸ਼ਾਮ ਦਿਲ ਦੀ ਕੋਈ ਤਕਲੀਫ਼ ਮਹਿਸੂਸ ਹੋਈ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਮਹਾਰਾਣੀ ਸਾਹਿਬਾ ਘਰ ਹੀ ਰਹਿਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਅਤੇ ਸ਼ਾਮ 7.15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਸਾਨੂੰ ਸਦੀਵੀਂ ਵਿਛੋੜਾ ਦੇ ਗਏ।
ਮਹਾਰਾਣੀ ਗੀਤਾ ਦੇਵੀ ਜਸਦਣ ਦੀ ਰਾਜਕੁਮਾਰੀ ਸੀ। ਉਨ੍ਹਾਂ ਦਾ ਜਨਮ 21 ਮਾਰਚ 1936 ਨੂੰ ਹੋਇਆ ਸੀ। ਸਾਲ 1958 ਵਿੱਚ ਕਪੂਰਥਲਾ ਦੇ ਮਹਾਰਾਜਾ ਪਵਨ ਜੀਤ ਸਿੰਘ ਦੇ ਰਾਜਕੁਮਾਰ ਸੁਖਜੀਤ ਸਿੰਘ ਨਾਲ ਉਹ ਵਿਆਹ ਦੇ ਰਿਸ਼ਤੇ 'ਚ ਬੱਜੇ ਸਨ। ਉਨ੍ਹਾਂ ਦੇ ਸੁਖਜੀਤ ਸਿੰਘ ਦਾ ਜਨਮ 15 ਅਕਤੂਬਰ 1934 ਨੂੰ ਬੇਂਗਲੁਰੂ ਵਿੱਚ ਹੋਇਆ ਸੀ, ਜੋ ਕਿ ਕ੍ਰਾਊਨ ਪ੍ਰਿੰਸ ਪਰਮਜੀਤ ਸਿੰਘ ਸਾਹਬ ਬਹਾਦਰ ਦੀ ਦੂਜੀ ਪਤਨੀ ਲੀਲਾ ਦੇਵੀ ਦੀ ਸੰਤਾਨ ਸਨ।
ਪਟਿਆਲਾ ਰਿਆਸਤ ਦੇ ਮਹਾਰਾਜਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਣੀ ਗੀਤਾ ਦੇਵੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਰਿਆਸਤ ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਿਆਸਤ ਦੇ ਰਾਜਕੁਮਾਰ ਜਸਦਾਨ ਦੇ ਨਾਲ-ਨਾਲ ਗਵਾਲੀਅਰ, ਬੜੌਦਾ, ਜੈਪੁਰ ਅਤੇ ਜੋਧਪੁਰ ਦੀਆਂ ਰਿਆਸਤਾਂ ਦੇ ਰਾਜਿਆਂ-ਮਹਾਰਾਜਿਆਂ ਨੇ ਮਹਾਰਾਣੀ ਗੀਤਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-