Sidhu Moosewala documentary ਮਾਮਲੇ 'ਚ ਅਦਾਲਤ ਨੇ ਬਲਕੌਰ ਸਿੰਘ ਤੋਂ ਇਤਰਾਜ਼ਾਂ 'ਤੇ ਮੰਗਿਆ ਜਵਾਬ , 1 ਜੁਲਾਈ ਨੂੰ ਅਗਲੀ ਸੁਣਵਾਈ
Sidhu Moosewala documentary : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਕਤਲ 'ਤੇ ਬਣੀ BBC ਡਾਕੂਮੈਂਟਰੀ 'ਦ ਕਿਲਿੰਗ ਕਾਲ'ਨੂੰ ਲੈ ਕੇ ਉਸਦੇ ਪਿਤਾ ਬਲਕੌਰ ਸਿੰਘ ਵੱਲੋਂ ਦਾਇਰ ਪਟੀਸ਼ਨ 'ਤੇ ਸੋਮਵਾਰ ਨੂੰ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਈ। ਹਾਲਾਂਕਿ, ਬਲਕੌਰ ਸਿੰਘ ਵੱਲੋਂ ਬੀਬੀਸੀ ਦੇ ਇਤਰਾਜ਼ਾਂ ਦਾ ਜਵਾਬ ਦਾਇਰ ਨਹੀਂ ਕੀਤਾ ਗਿਆ।ਡਿਊਟੀ ਮੈਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਸਿੰਘ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਅਤੇ ਅਗਲੀ ਸੁਣਵਾਈ ਵਿੱਚ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਲਕੌਰ ਸਿੰਘ ਦੇ ਵਕੀਲ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਸੋਮਵਾਰ ਦੀ ਕਾਰਵਾਈ ਵਿੱਚ ਨਾ ਤਾਂ ਕੋਈ ਬਹਿਸ ਹੋਈ ਅਤੇ ਨਾ ਹੀ ਕੋਈ ਵਾਧੂ ਨਿਰਦੇਸ਼ ਜਾਰੀ ਕੀਤੇ ਗਏ। ਅਦਾਲਤ ਨੇ ਸਾਡੀ ਗੱਲ ਮੰਨ ਲਈ ਕਿ ਅਸੀਂ ਅਗਲੀ ਤਰੀਕ ਤੱਕ ਜਵਾਬ ਦਾਇਰ ਕਰਾਂਗੇ।
10 ਜੂਨ ਨੂੰ ਦਾਇਰ ਕੀਤੀ ਸੀ ਪਟੀਸ਼ਨ
ਬਲਕੌਰ ਸਿੰਘ ਨੇ ਇਹ ਸਿਵਲ ਰਿੱਟ 10 ਜੂਨ ਨੂੰ ਬੀਬੀਸੀ, ਪੱਤਰਕਾਰ ਇਸ਼ਲੀਨ ਕੌਰ ਅਤੇ ਪ੍ਰੋਗਰਾਮ ਪ੍ਰਡਿਊਸਰ ਅੰਕੁਰ ਜੈਨ ਵਿਰੁੱਧ ਦਾਇਰ ਕੀਤੀ ਸੀ, ਜਿਸ ਵਿੱਚ ਡਾਕੂਮੈਂਟਰੀ ਦੀ ਸਕ੍ਰੀਨਿੰਗ ਅਤੇ ਰਿਲੀਜ਼ 'ਤੇ ਇਤਰਾਜ਼ ਜਤਾਇਆ ਗਿਆ ਸੀ। ਬੀਬੀਸੀ ਵੱਲੋਂ ਪੇਸ਼ ਹੋਏ ਵਕੀਲ ਬਲਵੰਤ ਭਾਟੀਆ ਨੇ ਸੋਮਵਾਰ ਨੂੰ ਕਿਹਾ ਕਿ 16 ਜੂਨ ਨੂੰ ਪਿਛਲੀ ਸੁਣਵਾਈ ਵਿੱਚ ਇਹ ਇਤਰਾਜ਼ ਉਠਾਇਆ ਗਿਆ ਸੀ ਕਿ ਪਟੀਸ਼ਨ ਬੀਬੀਸੀ ਇੰਡੀਆ ਦੇ ਖਿਲਾਫ ਦਾਇਰ ਕੀਤੀ ਗਈ ਸੀ, ਜਦੋਂ ਕਿ ਦਸਤਾਵੇਜ਼ੀ ਯੂਕੇ ਸਥਿਤ BBC ਵਰਲਡ ਸਰਵਿਸ ਦੁਆਰਾ ਬਣਾਈ ਗਈ ਸੀ।
BBC ਇੰਡੀਆ ਦੀ ਡਾਕੂਮੈਂਟਰੀ ਵਿੱਚ ਕੋਈ ਭੂਮਿਕਾ ਨਹੀਂ
ਐਡਵੋਕੇਟ ਭਾਟੀਆ ਨੇ ਅਦਾਲਤ ਨੂੰ ਦੱਸਿਆ ਕਿ ਡਾਕੂਮੈਂਟਰੀ ਦੇ ਨਿਰਮਾਣ ਵਿੱਚ ਬੀਬੀਸੀ ਇੰਡੀਆ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਦੀ ਭੂਮਿਕਾ ਸਿਰਫ ਭਾਰਤ ਵਿੱਚ ਸਕ੍ਰੀਨਿੰਗ ਦੀ ਯੋਜਨਾ ਬਣਾਉਣ ਤੱਕ ਸੀਮਤ ਸੀ। ਦਸਤਾਵੇਜ਼ੀ ਬੀਬੀਸੀ ਵਰਲਡ ਸਰਵਿਸ ਦੁਆਰਾ ਯੂਟਿਊਬ 'ਤੇ ਜਾਰੀ ਕੀਤੀ ਗਈ ਹੈ ਅਤੇ ਵਿਸ਼ਵ ਪੱਧਰ 'ਤੇ ਸੋਸ਼ਲ ਮੀਡੀਆ 'ਤੇ ਦੇਖੀ ਜਾ ਚੁੱਕੀ ਹੈ। ਹੁਣ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ, ਜਿਸ ਵਿੱਚ ਬਲਕੌਰ ਸਿੰਘ ਨੂੰ ਬੀਬੀਸੀ ਦੇ ਇਤਰਾਜ਼ਾਂ 'ਤੇ ਆਪਣਾ ਜਵਾਬ ਦਾਇਰ ਕਰਨਾ ਹੈ।
- PTC NEWS