Fatehgarh Sahib News : ਵਿਆਹੁਤਾ ਔਰਤ ਦੀ ਭੇਤ ਭਰੇ ਹਾਲਾਤਾਂ 'ਚ ਮੌਤ ,ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
Fatehgarh Sahib News : ਫਤਿਹਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ ਵਿਖੇ ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪੇਕੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਜਾਨੋ ਮਾਰਨ ਦੇ ਆਰੋਪ ਲਗਾਏ ਜਾ ਰਹੇ ਹਨ ਪਰ ਦੂਜੇ ਪਾਸੇ ਔਰਤ ਦੇ ਪਤੀ ਵੱਲੋਂ ਇਹਨਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ।
ਉੱਧਰ ਪੁਲੀਸ ਥਾਣਾ ਬਡਾਲੀ ਆਲਾ ਸਿੰਘ ਨੇ ਇਸ ਸਬੰਧੀ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੋਰਚਰੀ ਵਿੱਚ ਰੱਖੀ ਮ੍ਰਿਤਕਾ ਜਸਪ੍ਰੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਪਹੁੰਚੀਆਂ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਆਰੋਪ ਲਗਾਏ। ਜਸਪ੍ਰੀਤ ਕੌਰ ਵਾਸੀ ਭਾਗੋਮਾਜਰਾ ਦਾ 2019 'ਚ ਗੁਰਸੇਵਕ ਸਿੰਘ ਵਾਸੀ ਬੀਬੀਪੁਰ ਨਾਲ ਵਿਆਹ ਹੋਇਆ ਸੀ।
ਮ੍ਰਿਤਕ ਔਰਤ ਜਸਪ੍ਰੀਤ ਕੌਰ ਦੇ ਭਰਾ ਹਰਚੰਦ ਸਿੰਘ ਤੇ ਭੈਣ ਰਾਜਵੀਰ ਕੌਰ ਨੇ ਮ੍ਰਿਤਕਾ ਦੇ ਪਤੀ 'ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨਾਂ ਦੀ ਭੈਣ ਜਸਪ੍ਰੀਤ ਕੌਰ ਦਾ ਵਿਆਹ ਗੁਰਸੇਵਕ ਸਿੰਘ ਨਾਲ ਹੋਇਆ ਸੀ, ਜੋ ਕਿ ਨਸ਼ਾ ਕਰਕੇ ਉਨਾਂ ਦੀ ਭੈਣ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਦਾ ਸੀ। ਜਿਸ ਵੱਲੋਂ ਬੀਤੀ ਰਾਤ ਉਸ ਦੀ ਭੈਣ ਜਸਪ੍ਰੀਤ ਕੌਰ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਗਲ ਘੁੱਟ ਕੇ ਪੱਖੇ ਨਾਲ ਫਾਹਾ ਦੇ ਕੇ ਉਸ ਦਾ ਕਤਲ ਕੀਤਾ ਗਿਆ।
ਜਦੋਂ ਕਿ ਦੂਜੇ ਪਾਸੇ ਮ੍ਰਿਤਕਾ ਦੇ ਪਤੀ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਅਚਾਨਕ ਜਸਪ੍ਰੀਤ ਕੌਰ ਦੀ ਤਬੀਅਤ ਖਰਾਬ ਹੋ ਗਈ ,ਜਿਸ ਨੂੰ ਉਹ ਇੱਕ ਨਿੱਜੀ ਹਸਪਤਾਲ ਲੇ ਗਏ ਸਨ। ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਆਏ ,ਜਿੱਥੇ ਉਸਦੀ ਮੌਤ ਹੋ ਗਈ। ਉਹਨਾਂ ਜਸਪ੍ਰੀਤ ਦੇ ਪਰਿਵਾਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਵੱਲੋਂ ਕੋਈ ਵੀ ਮਾਰਕੁੱਟ ਨਹੀਂ ਕੀਤੀ ਗਈ ਅਤੇ ਨਾ ਹੀ ਕਦੀ ਨਸ਼ੇ ਦਾ ਸੇਵਨ ਕੀਤਾ ਗਿਆ।
ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕੀ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ।
- PTC NEWS