Batala Murder : ਪੰਜਾਬ 'ਚ ਚੜ੍ਹਦੇ ਦਿਨ ਹੋਇਆ ਕਤਲ, ਅਣਪਛਾਤਿਆਂ ਨੇ ਮੈਡੀਕਲ ਸਟੋਰ ਮਾਲਕ ਰਣਦੀਪ ਸਿੰਘ ਦੇ ਸਿਰ 'ਚ ਮਾਰੀਆਂ ਗੋਲੀਆਂ
Batala Murder : ਪੰਜਾਬ 'ਚ ਚੜ੍ਹਦੇ ਦਿਨ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਬਟਾਲਾ 'ਚ ਅਣਪਛਾਤਿਆਂ ਨੇ ਮੈਡੀਕਲ ਸਟੋਰ ਮਾਲਕ ਰਣਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ (Medical Store Owner Murder) ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ, ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਪੁੱਤਰ ਰਘਬੀਰ ਸਿੰਘ ਬੇਦੀ ਵਾਸੀ ਡੇਰਾ ਬਾਬਾ ਨਾਨਕ, ਰੋਜਾਨਾ ਦੀ ਤਰ੍ਹਾਂ ਜਦ ਅੱਜ ਸਵੇਰੇ 8 ਵਜੇ ਦੇ ਕਰੀਬ ਆਪਣਾ ਮੈਡੀਕਲ ਸਟੋਰ ਖੋਲ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਗੋਲੀਆਂ ਰਣਦੀਪ ਸਿੰਘ ਦੇ ਸਿਰ ਵਿੱਚ ਲੱਗੀਆਂ, ਜਿਸ ਕਾਰਨ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਮੌਕੇ 'ਤੇ ਆਸ ਪਾਸ ਦੇ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੋਂ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਰਣਦੀਪ ਸਿੰਘ 'ਤੇ ਕੁੱਝ ਮਹੀਨੇ ਪਹਿਲਾਂ ਵੀ ਫਿਰੌਤੀ ਨੂੰ ਲੈ ਕੇ ਗੋਲੀਬਾਰੀ ਹੋਈ ਸੀ। ਘਟਨਾ ਪਿੱਛੋਂ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ।
ਮਾਮਲੇ ਸਬੰਧੀ ਐਸਐਸਪੀ ਬਟਾਲਾ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮੇਂ ਕੋਈ ਵੀ ਫਿਰੌਤੀ ਮਿਲਣ ਦੀ ਗੱਲਬਾਤ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, 2024 'ਚ ਫਿਰੌਤੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
- PTC NEWS