China Dor Boycott : ਪੰਜਾਬ 'ਚ ਚਾਈਨਾ ਡੋਰ ਤੇ ਪਤੰਗਬਾਜ਼ੀ ਖਿਲਾਫ਼ ਮਤੇ ਸ਼ੁਰੂ, ਸੰਗਰੂਰ ਤੇ ਬਠਿੰਡਾ 'ਚ ਪਿੰਡਾਂ ਨੇ ਲਾਈ ਪਾਬੰਦੀ
China Dor Boycott : ਪੰਜਾਬ 'ਚ ਚਾਈਨਾ ਡੋਰ ਨਾਲ ਨਿੱਤ ਦਿਨ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਵਿੱਚ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ। ਸਮਰਾਲਾ 'ਚ 15 ਸਾਲਾ ਬੱਚੇ ਤਰਨਜੋਤ ਸਿੰਘ ਅਤੇ ਪਿੰਡ ਅਕਾਲਗੜ੍ਹ ਕਲਾਂ 'ਚ ਸਰਬਜੀਤ ਕੌਰ ਨਾਮ ਦੀ ਮਹਿਲਾ ਦੀ ਚਾਈਨਾ ਡੋਰ ਕਾਰਨ ਦਰਦਨਾਕ ਮੌਤ ਤੋਂ ਬਾਅਦ ਹੁਣ ਲੋਕਾਂ 'ਚ ਰੋਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪਿੰਡਾਂ ਵਿੱਚ ਚਾਈਨਾ ਡੋਰ 'ਤੇ ਪਾਬੰਦੀ ਦੇ ਮਤੇ ਪਾਉਣੇ (Ban on China Dor) ਸ਼ੁਰੂ ਹੋ ਗਏ ਹਨ।
ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਚਾਈਨਾ ਡੋਰ ਦੇ ਬਾਈਕਾਟ ਅਤੇ ਪੂਰਨ ਪਾਬੰਦੀ ਲਗਾਉਣ ਦੇ ਨਾਲ-ਨਾਲ ਪਤੰਗਬਾਜ਼ੀ 'ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਡੋਰ ਜਿਥੇ ਮਨੁੱਖਾਂ ਲਈ ਖਤਰਨਾਕ ਹੈ, ਉਥੇ ਹੀ ਬੇਜ਼ੁਬਾਨ ਪਸ਼ੂ-ਪੰਛੀ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।
ਸੰਗਰੂਰ, ਲੁਧਿਆਣਾ ਤੇ ਬਠਿੰਡਾ ਦੇ ਪਿੰਡਾਂ 'ਚ ਚਾਈਨਾ ਡੋਰ 'ਤੇ ਪਾਬੰਦੀ
ਚਾਈਨਾ ਡੋਰ 'ਤੇ ਪਾਬੰਦੀ ਨੂੰ ਲੈ ਕੇ ਸੰਗਰੂਰ ਦੇ ਪਿੰਡ ਝਲੂਰ ਦੀ ਪੰਚਾਇਤ ਨੇ ਮਤਾ ਪਾਇਆ ਹੈ। ਸਰਪੰਚ ਗੁਰਵਿੰਦਰ ਸਿੰਘ ਸੂਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋਣ ਅਤੇ ਕਈ ਮੌਤਾਂ ਹੋਣ ਦੀਆਂ ਆ ਰਹੀਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਫੈਸਲਾ ਲੈਂਦਿਆਂ ਪਿੰਡ ਅੰਦਰ ਦੁਕਾਨਾਂ 'ਤੇ ਪਤੰਗ ਵੇਚਣ ਅਤੇ ਪਤੰਗ ਚੜਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪਿੰਡ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਚਾਇਨਾ ਡੋਰ ਜਾਂ ਪਤੰਗ ਨਾ ਵੇਚਣ। ਪਿੰਡ ਅੰਦਰ ਜੇਕਰ ਫਿਰ ਵੀ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਪਤੰਗ ਵੇਚਦਾ ਹੈ ਜਾਂ ਪਤੰਗਬਾਜ਼ੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ।

ਇਸੇ ਤਰ੍ਹਾਂ ਬਠਿੰਡਾ (Bathinda) ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਵੱਲੋਂ ਪਤੰਗਬਾਜ਼ੀ (Kite flying) ਖ਼ਿਲਾਫ਼ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਹੈ। ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਵਿਚ ਪਤੰਗ ਵੇਚਣ ਅਤੇ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ। ਪੰਚਾਇਤ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਿਚ ਪਤੰਗ ਵੇਚਣ ਵਾਲੇ ਅਤੇ ਉਡਾਉਣ ਵਾਲੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਜਾਵੇਗੀ।
- PTC NEWS