Crime Against Girls : ਅੰਮ੍ਰਿਤਸਰ 'ਚ ਨਾਬਾਲਗ ਕੁੜੀ ਨੇ ਨਿਗਲਿਆ ਜ਼ਹਿਰ, ਸ਼ਿਵ ਸੈਨਾ ਪ੍ਰਧਾਨ ਦੇ ਮੁੰਡੇ 'ਤੇ ਲੱਗੇ ਬਲਾਤਕਾਰ ਦੇ ਇਲਜ਼ਾਮ
Amritsar Crime News : ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਪ੍ਰੇਮ ਨਗਰ ਤੋਂ ਇੱਕ ਨਾਬਾਲਗ ਕੁੜੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ ਜ਼ੇਰੇ ਇਲਾਜ ਕੁੜੀ ਦੇ ਪਰਿਵਾਰਕ ਮੈਂਬਰਾਂ ਕਿਹਾ ਕਿ ਕੁੜੀ ਨੇ ਇਹ ਕਦਮ ਸ਼ਿਵ ਸੈਨਾ ਦੇ ਪ੍ਰਧਾਨ ਅਰੁਣ ਸ਼ਰਮਾ ਦੇ ਮੁੰਡੇ ਵੱਲੋਂ ਉਸ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਫਿਰ ਵਿਆਹ ਕਰਵਾਉਣ ਤੋਂ ਮੁਕਰਨ ਕਾਰਨ ਚੁੱਕਿਆ।
ਪੀੜਤ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹ ਸਥਾਨਕ ਪ੍ਰੇਮ ਨਗਰ ਇਲਾਕੇ ਦੇ ਰਹਿਣ ਵਾਲੇ ਹਨ ਤੇ ਕੁੜੀ ਦੀ ਮਾਂ ਇੱਕ ਸ਼ਿਵ ਸੈਨਾ ਦੇ ਪ੍ਰਧਾਨ ਅਰੁਣ ਸ਼ਰਮਾ (ਵਾਸੀ ਲਾਹੌਰੀ ਗੇਟ) ਦੇ ਘਰ ਪਿਛਲੇ ਕਈ ਸਾਲਾਂ ਤੋਂ ਸਫਾਈ ਦਾ ਕੰਮ ਕਰਦੀ ਸੀ। ਇਸ ਦੌਰਾਨ ਜਦੋਂ ਕੁੜੀ ਦੀ ਮਾਂ ਬਿਮਾਰ ਹੁੰਦੀ ਸੀ ਤੇ ਉਹ ਕੁੜੀ ਨੂੰ ਸਫਾਈ ਕਰਨ ਦੇ ਲਈ ਭੇਜ ਦਿੰਦੀ ਸੀ। ਪਰਿਵਾਰ ਨੇ ਕਿਹਾ ਕਿ ਜਦੋਂ ਕੁੜੀ ਨਾਲ ਘਟੀਆ ਹਰਕਤ ਕਰਨੀ ਸ਼ੁਰੂ ਕੀਤੀ ਗਈ ਤਾਂ ਉਸ ਸਮੇਂ ਕੁੜੀ ਦੀ ਉਮਰ 15 ਸਾਲ ਸੀ ਤੇ ਜਦਕਿ ਕੁੜੀ ਦੀ ਉਮਰ 17 ਸਾਲ ਦੇ ਕਰੀਬ ਹੈ।
ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਦੇ ਪ੍ਰਧਾਨ ਦੇ ਮੁੰਡੇ ਰੁਦਰਾਕਸ਼ ਸ਼ਰਮਾ ਵੱਲੋਂ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਵੀ ਦਿੱਤਾ ਗਿਆ ਤੇ ਪਿਛਲੇ ਦੋ ਸਾਲਾਂ ਤੋਂ ਕੁੜੀ ਨਾਲ ਨਜਾਇਜ਼ ਸਬੰਧ ਬਣਾਏ ਜਾ ਰਹੇ ਸਨ। ਹੁਣ ਜਦੋਂ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਮੁੰਡੇ ਦਾ ਵਿਆਹ ਤੁਹਾਡੀ ਕੁੜੀ ਨਾਲ ਕਰ ਦੇਣਗੇ ਪਰ ਹੁਣ ਆ ਕੇ ਪਰਿਵਾਰ ਮੁਕਰ ਗਿਆ ਤੇ ਉਹਨਾਂ ਕਿਹਾ ਕਿ ਤੁਸੀਂ ਛੋਟੀ ਜਾਤ ਦੇ ਹੋ, ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਕਰ ਸਕਦੇ।
ਪੀੜਤ ਪਰਿਵਾਰ ਨੇ ਕਿਹਾ ਕਿ ਮੁੰਡੇ ਨੇ ਕੁੜੀ ਨੂੰ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਸਬੰਧ ਬਣਾਉਣ ਬਣਾਈਆਂ ਵੀਡੀਓ ਤੇ ਤਸਵੀਰਾਂ ਉਹ ਵਾਇਰਲ ਕਰ ਦੇਵੇਗਾ। ਨਤੀਜੇ ਵੱਜੋਂ ਕੁੜੀ ਸਹਿਮ ਗਈ ਅਤੇ ਡਰ ਕਾਰਨ ਘਰ ਆ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਇਸ ਘਟਨਾ ਦਾ ਪਤਾ ਲੱਗਣ 'ਤੇ ਸ਼ਹਿਰ ਦੀਆਂ ਵਾਲਮੀਕਿ ਜਥੇਬੰਦੀਆਂ ਵੀ ਕੁੜੀ ਦੇ ਹੱਕ ਵਿੱਚ ਨਿਤਰ ਆਈਆਂ ਅਤੇ ਇਨਸਾਫ਼ ਦਿਵਾਉਣ ਲਈ ਧਰਨਾ ਪ੍ਰਦਰਸ਼ਨ ਦੀ ਚੇਤਾਵਨੀ ਵੀ ਦਿੱਤੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਉਹਨਾਂ ਨੇ ਕੁੜੀ ਦੇ ਬਿਆਨ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
- PTC NEWS