Pinky Dhaliwal Firing News: ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ 'ਤੇ ਫਾਇਰਿੰਗ ਕਰਨ ਵਾਲਾ ਸ਼ੂਟਰ ਗ੍ਰਿਫ਼ਤਾਰ , ਹਰਿਆਣਾ ਤੋਂ ਫੜਿਆ ਗਿਆ ਕਾਲਾ ਰਾਣਾ ਗੈਂਗ ਦਾ ਸ਼ੂਟਰ
Pinky Dhaliwal Firing News : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਆਏ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਮੋਹਾਲੀ ਸਥਿਤ ਘਰ 'ਤੇ ਕੁਝ ਦਿਨ ਪਹਿਲਾਂ ਹੋਈ ਫਾਇਰਿੰਗ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਫਾਇਰਿੰਗ ਕਰਨ ਵਾਲੇ 02 ਸੂਟਰਾਂ ਵਿੱਚੋਂ 1 ਸ਼ੂਟਰ ਕਾਲਾ ਰਾਣਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਆਰੋਪੀ ਸ਼ੂਟਰ ਕਾਲਾ ਰਾਣਾ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਵੱਲੋਂ ਫਾਇਰਿੰਗ ਕਰਵਾਈ ਗਈ ਸੀ। ਉਸਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
11 ਦਿਨ ਪਹਿਲਾਂ ਹੋਈ ਸੀ 7 ਰਾਉਂਡ ਫਾਇਰਿੰਗ
11 ਦਿਨ ਪਹਿਲਾਂ ਰਾਤ 10 ਵਜੇ ਦੇ ਕਰੀਬ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ। ਮੋਹਾਲੀ ਸੈਕਟਰ-71 ਦੇ ਇੱਕ ਘਰ ਦੇ ਬਾਹਰ 6 ਤੋਂ 7 ਰਾਉਂਡ ਹਵਾਈ ਫਾਇਰਿੰਗ ਹੋਈ ਸੀ। ਗੋਲੀਬਾਰੀ ਕਰਨ ਵਾਲੇ ਲੋਕ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਇਲਾਕੇ ਵਿੱਚ ਪੁਲਿਸ ਵੱਲੋਂ ਲਗਾਏ ਗਏ ਕੈਮਰਿਆਂ ਦੀ ਰਿਕਾਰਡਿੰਗ ਵਿੱਚ ਇੱਕ ਬਾਈਕ ਜਾਂਦੀ ਦਿਖਾਈ ਦੇ ਰਹੀ ਹੈ। ਇਸ ਵਿੱਚ ਦੋ ਲੋਕ ਸਵਾਰ ਸਨ। ਬਾਈਕ 'ਤੇ UP ਨੰਬਰ ਦੀ ਪਲੇਟ ਲੱਗੀ ਸੀ। ਇਹ ਵੀ ਪਤਾ ਲੱਗਾ ਹੈ ਕਿ ਸੁਰੱਖਿਆ ਗਾਰਡ ਤੋਂ 1200 ਨੰਬਰ ਵੀ ਮੰਗਿਆ ਸੀ। ਪੁਲਿਸ ਨੂੰ ਉਮੀਦ ਹੈ ਕਿ ਆਰੋਪੀ ਜਲਦੀ ਹੀ ਫੜੇ ਜਾਣਗੇ। ਹਾਲਾਂਕਿ, ਦੋਸ਼ੀ ਲੰਬੇ ਸਮੇਂ ਤੋਂ ਫਰਾਰ ਸਨ।
ਫਾਇਰਿੰਗ ਤੋਂ ਪਹਿਲਾਂ ਸੁੱਟੀ ਗਈ ਸੀ ਪਰਚੀ
ਜਦੋਂ ਇਸ ਘਟਨਾ ਨੂੰ ਆਰੋਪੀਆਂ ਨੇ ਅੰਜ਼ਾਮ ਦਿੱਤਾ ਸੀ, ਉਸ ਸਮੇਂ ਮੌਸਮ ਖਰਾਬ ਸੀ। ਤੂਫਾਨ ਅਤੇ ਮੀਂਹ ਪੈ ਰਿਹਾ ਸੀ। ਸੂਤਰਾਂ ਅਨੁਸਾਰ ਗੋਲੀਬਾਰੀ ਕਰਨ ਤੋਂ ਪਹਿਲਾਂ ਹਮਲਾਵਰਾਂ ਨੇ ਧਾਲੀਵਾਲ ਦੇ ਘਰ ਦੇ ਬਾਹਰ ਇੱਕ ਪਰਚੀ ਸੁੱਟੀ ਸੀ ,ਜਿਸ 'ਤੇ ਕਾਲਾ ਰਾਣਾ ਦਾ ਨਾਮ ਲਿਖਿਆ ਹੋਇਆ ਸੀ। ਸੂਤਰਾਂ ਅਨੁਸਾਰ ਕਾਲਾ ਰਾਣਾ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਦੱਸਿਆ ਜਾਂਦਾ ਹੈ ਅਤੇ ਇਸ ਸਮੇਂ ਕਿਸੇ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਯਮੁਨਾਨਗਰ ਵਿੱਚ ਕਿਸੇ ਦੇ ਘਰ ਦੇ ਬਾਹਰ ਵੀ ਗੋਲੀਬਾਰੀ ਕੀਤੀ ਗਈ ਸੀ। ਬਾਈਕ 'ਤੇ ਆਏ ਦੋ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
- PTC NEWS