Fazilka News : ਫਾਜ਼ਿਲਕਾ 'ਚ 12 ਤੋਂ ਵੱਧ ਬੱਚੇ ਬਿਮਾਰ, ਮਾਪਿਆਂ 'ਚ ਹੜਕੰਪ, ਇੱਕ ਦਰੱਖਤ ਤੋਂ ਖਾਧੇ ਸਨ ਬੀਜ਼
Fazilka News : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਰਾਦਵਾਲਾ (Muradwala Village) ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਬੱਚਿਆਂ ਨੇ ਖੇਡਦੇ ਸਮੇਂ ਇੱਕ ਦਰੱਖਤ ਤੋਂ ਜ਼ਹਿਰੀਲੇ ਬੀਜ ਖਾ ਲਏ। ਇੱਕ ਦਰਜਨ ਤੋਂ ਵੱਧ ਬੱਚੇ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਦਰੱਖਤ ਦੇ ਬੀਜ ਖਾਣ ਨਾਲ ਹੋਏ ਬਿਮਾਰ
ਜਾਣਕਾਰੀ ਅਨੁਸਾਰ, ਘਟਨਾ ਅਰਨੀਵਾਲਾ ਇਲਾਕੇ ਦੇ ਮੁਰਾਦਵਾਲਾ ਪਿੰਡ ਵਿੱਚ ਵਾਪਰੀ, ਜਿੱਥੇ ਬੱਚੇ ਛੁੱਟੀਆਂ ਦੌਰਾਨ ਪਿੰਡ ਦੇ ਖੇਡ ਦੇ ਮੈਦਾਨ ਵਿੱਚ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਨੇੜਲੇ ਦਰੱਖਤ ਤੋਂ ਬੀਜ ਖਾ ਲਏ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਬੱਚਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਬੱਚਿਆਂ ਨੂੰ ਇਸ ਹਾਲ ਵਿੱਚ ਵੇਖ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਅਚਾਨਕ ਘਬਰਾਹਟ ਫੈਲ ਗਈ।
ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਏ ਬੱਚੇ
ਉਪਰੰਤ, ਬਿਮਾਰ ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਵਿੱਚੋਂ ਸੱਤ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਬਾਕੀਆਂ ਨੂੰ ਅਬੋਹਰ ਅਤੇ ਅਰਨੀਵਾਲਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਡਾਕਟਰਾਂ ਅਨੁਸਾਰ, ਬੱਚਿਆਂ ਦੀ ਹਾਲਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਅਤੇ ਸਮੇਂ ਸਿਰ ਇਲਾਜ ਹੋਣ ਕਾਰਨ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ।
- PTC NEWS